ਸੇਵਾਮੁਕਤ ਹੋਣ ਵਾਲੇ ਡਾਕਟਰਾਂ ਤੇ ਮਾਹਰਾਂ ਦੇ ਸੇਵਾਕਾਲ ’ਚ 3 ਮਹੀਨੇ ਦੇ ਵਾਧੇ ਦਾ ਐਲਾਨ
Tuesday, Sep 08, 2020 - 01:18 AM (IST)
ਚੰਡੀਗੜ੍ਹ/ਜਲੰਧਰ, (ਅਸ਼ਵਨੀ,ਧਵਨ)- ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੇਵਾ ਮੁਕਤ ਹੋ ਰਹੇ ਡਾਕਟਰਾਂ ਅਤੇ ਮਾਹਰਾਂ ਦਾ ਸੇਵਾਕਾਲ ਤਿੰਨ ਮਹੀਨੇ ਵਧਾਉਣ ਦਾ ਐਲਾਨ ਕੀਤਾ ਹੈ। ਨਾਲ ਹੀ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਕੋਵਿਡ ਦੇ ਮਾਮਲਿਆਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਟੈਕਨੀਸ਼ੀਅਨਾਂ ਅਤੇ ਲੈਬ ਅਸਿਸਟੈਂਟਾਂ ਦੀ ਭਰਤੀ ਦੀ ਪ੍ਰਕਿਰਿਆ ਤੇਜ਼ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਕੈਬਨਿਟ ਦੇ ਇਕ ਫੈਸਲੇ ਦੇ ਅਨੁਸਾਰ ਪਹਿਲਾਂ ਇਨ੍ਹਾਂ ਡਾਕਟਰਾਂ ਨੂੰ 30 ਸਤੰਬਰ ਤਕ ਵਾਧਾ ਪ੍ਰਦਾਨ ਕੀਤਾ ਗਿਆ ਸੀ ਜਿਸ ਨੂੰ ਕਿ ਹੁਣ 31 ਦਸੰਬਰ, 2020 ਤਕ ਵਧਾ ਦਿੱਤਾ ਗਿਆ ਹੈ।
ਮਰੀਜ਼ਾਂ ਨੂੰ ਇੱਛਾ ਅਨੁਸਾਰ ਮਿਲੇਗਾ ਘਰ ਦਾ ਖਾਣਾ
ਸਰਕਾਰ ਨੇ ਇਹ ਵੀ ਫੈਸਲਾ ਲਿਆ ਹੈ ਕਿ ਸਰਕਾਰੀ ਹਸਪਤਾਲਾਂ ਵਲੋਂ ਕੋਵਿਡ ਦੇ ਗੰਭੀਰ ਮਰੀਜ਼ਾਂ, ਜਿਨ੍ਹਾਂ ਨੂੰ ਵਿਸ਼ੇਸ਼ ਖਾਣੇ ਦੀ ਲੋੜ ਹੈ, ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਘਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਇਸੇ ਕੜੀ ਵਿਚ ਘਰੇਲੂ ਇਕਾਂਤਵਾਸ/ਕੁਆਰੰਟਾਈਨ ਵਿਚਲੇ ਗ਼ਰੀਬ ਪਰਿਵਾਰਾਂ ਨੂੰ ਖਾਣੇ ਦੇ ਪੈਕਟਾਂ ਦੀ ਵੰਡ ਕੀਤੀ ਜਾ ਸਕੇ ਅਤੇ ਇਨ੍ਹਾਂ ਪਰਿਵਾਰਾਂ ਨੂੰ ਜਾਂਚ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਆਰ. ਟੀ.ਪੀ. ਸੀ. ਆਰ. ਦਾ ਸੀ. ਟੀ. ਮੁੱਲ ਮੁਹੱਈਆ ਕਰਵਾਉਣ ਦੀ ਹਦਾਇਤ
ਮੁੱਖ ਮੰਤਰੀ ਨੇ ਸਮੂਹ ਸਰਕਾਰੀ ਲੈਬਜ਼ ਨੂੰ ਆਰ.ਟੀ.-ਪੀ.ਸੀ.ਆਰ. ਦਾ ਸਾਈਕਲ ਥਰੈਸ਼ਹੋਲਡ (ਸੀ.ਟੀ.) ਮੁੱਲ ਮੁਹੱਈਆ ਕਰਵਾਉਣਾ ਸ਼ੁਰੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ, ਕਿਉਂਕਿ ਇਸ ਨਾਲ ਕੋਵਿਡ ਤੋਂ ਪੀੜਤ ਮਰੀਜ਼ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਮਹੱਤਵਪੂਰਨ ਜਾਣਕਾਰੀ ਮਿਲੇਗੀ।