AG ਦੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਰੇ ਖੁੱਲ੍ਹ ਕੇ ਬੋਲੇ ਅਨਮੋਲ ਰਤਨ ਸਿੱਧੂ, ਦੱਸੀ ਇਹ ਵਜ੍ਹਾ
Saturday, Jul 30, 2022 - 08:42 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਅਨਮੋਲ ਰਤਨ ਸਿੱਧੂ ਨੇ ਪਿਛਲੇ ਦਿਨੀਂ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਿੱਧੂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਏ. ਜੀ. ਦੇ ਅਹੁਦੇ ’ਤੇ ਨਿਯੁਕਤ ਕੀਤਾ ਸੀ। ਉਹ ਇਸ ਅਹੁਦੇ 'ਤੇ 4 ਮਹੀਨਿਆਂ ਤੱਕ ਰਹੇ। ਉਨ੍ਹਾਂ ਦੇ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਕਾਫੀ ਹਲਚਲ ਪੈਦਾ ਹੋਈ। ਵਿਰੋਧੀ ਧਿਰਾਂ ਵੱਲੋਂ ਵੀ ਕਈ ਸਵਾਲ ਉਠਾਏ ਜਾਂਦੇ ਰਹੇ। ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਨਿੱਜੀ ਕਾਰਨਾਂ ਕਰਕੇ ਅਜਿਹੇ ਫ਼ੈਸਲੇ ਲੈਣੇ ਪੈਂਦੇ ਹਨ। ਸਿੱਧੂ ਵੱਲੋਂ 19 ਜੁਲਾਈ ਨੂੰ ਅਸਤੀਫ਼ਾ ਦੇ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਇਨਸਾਨੀਅਤ ਦੀ ਮਿਸਾਲ ਕਾਇਮ ਕਰਦਿਆਂ ਔਰਤ ਨੇ ਆਪਣਾ ਦੁੱਧ ਪਿਲਾ ਗਲਹਿਰੀ ਦੇ ਬੱਚੇ ਦੀ ਬਚਾਈ ਜਾਨ
ਇਕ ਨਿੱਜੀ ਟੀ.ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਹਰ ਕੰਮ ਵਧੀਆ ਤਰੀਕੇ ਨਾਲ ਕੀਤਾ ਅਤੇ ਸਰਕਾਰ ਨੇ ਵੀ ਉਨ੍ਹਾਂ ਦੇ ਕੰਮ ਨੂੰ ਸਰਾਹਿਆ। ਇਸ ਦੌਰਾਨ ਸਿੱਧੂ ਨੇ ਸਰਕਾਰ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਇਨਕਾਰ ਕੀਤਾ। ਬੇਅਦਬੀ ਮਾਮਲੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਈ ਮਾਮਲਿਆਂ 'ਚ ਫ਼ੈਸਲੇ ਲੈਣ 'ਚ ਦੇਰ ਹੋ ਜਾਂਦੀ ਹੈ। ਇਸ ਕੇਸ ਬਾਰੇ ਸਿੱਧੂ ਨੇ ਕਿਹਾ ਕਿ ਅਸੀਂ ਹਾਈਕੋਰਟ 'ਚ ਇਸ ਪੂਰੇ ਕੇਸ ਨੂੰ ਰੱਖਿਆ ਤੇ ਇਸ ਮਾਮਲੇ 'ਚ 2 ਸਿੱਟ ਕੋਟਕਪੂਰਾ ਤੇ ਬਹਿਬਲ ਕਲਾਂ ਕੇਸ ਬਾਰੇ ਬਣੀਆਂ। ਇਕ ਸਿੱਟ ਨੂੰ ਅਦਾਲਤ ਨੇ ਹਦਾਇਤ ਵੀ ਦਿੱਤੀ ਕਿ ਤੁਸੀਂ ਕਿੰਨੇ ਸਮੇਂ 'ਚ ਕੇਸ ਹੱਲ ਨੂੰ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਜਾਂਚ ਟੀਮ ਨੇ ਵੀ ਇਹ ਗੱਲ ਦੱਸੀ ਕਿ ਸਾਡੇ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਹੋ ਚੁੱਕੀ ਹੈ। ਜੇ ਸਾਡੇ ਵੱਲੋਂ ਹੋਰ ਕਾਨੂੰਨੀ ਸਹਾਇਤਾ ਦੀ ਲੋੜ ਹੈ ਤਾਂ ਕਿਹਾ ਕਿ ਅਸੀਂ ਉਹ ਵੀ ਦੇ ਦਿਆਂਗੇ। ਅਸੀਂ ਕਾਨੂੰਨ ਮੁਤਾਬਕ ਆਪਣੀ ਡਿਊਟੀ ਕਰਨੀ ਹੁੰਦੀ ਹੈ, ਇਸ ਤੋਂ ਵੱਧ ਸਾਡਾ ਕੋਈ ਕੰਮ ਨਹੀਂ ਹੁੰਦਾ। ਮੁੱਖ ਮੰਤਰੀ ਨੇ ਵੀ ਸਾਡੇ ਕੰਮ ਨੂੰ ਸਲਾਹਿਆ ਸੀ।
ਇਹ ਵੀ ਪੜ੍ਹੋ : ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਧਾਰਮਿਕ ਡੇਰੇ ਦੇ ਮੁਖੀ ਨੇ ਲੱਖਾਂ ਦੀ ਮਾਰੀ ਠੱਗੀ, ਦੇਖੋ ਵੀਡੀਓ
ਉਨ੍ਹਾਂ ਕਿਹਾ ਕਿ ਅਸਤੀਫ਼ੇ ਪਿੱਛੇ ਕੋਈ ਵੱਡਾ ਕਾਰਨ ਨਹੀਂ ਹੈ ਅਤੇ ਉਨ੍ਹਾਂ ਨਿੱਜੀ ਕਾਰਨਾਂ ਕਰਕੇ ਹੀ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਨਾ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਸੀ ਤੇ ਨਾ ਹੀ ਕਿਸੇ ਨਾਲ ਕੋਈ ਰੰਜਿਸ਼। ਇਹ ਪੁੱਛਣ 'ਤੇ ਕਿ ਕੀ ਦਿੱਲੀ ਦੇ ਲੋਕ ਪੰਜਾਬ 'ਚ ਬਿਠਾਏ ਜਾ ਰਹੇ ਹਨ ਜਾਂ ਉਨ੍ਹਾਂ ਦੇ ਸਹਾਇਕ ਦਿੱਲੀ ਦੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਇੰਨੀ ਵੱਡੀ ਗੱਲ ਨਹੀਂ ਸੀ, ਇਸ ਸਬੰਧੀ ਜਿਹੜੀ ਲਿਸਟ ਬਣਾਈ ਗਈ ਸੀ, ਉਹ ਜੁਲਾਈ ਦੇ ਅੰਤ 'ਚ ਬਣਾਈ ਗਈ ਸੀ ਤੇ ਅੰਡਰ-ਪ੍ਰੋਸੈੱਸ ਹੀ ਸੀ। ਇਸ ਲਈ ਅਜਿਹਾ ਕਹਿਣਾ ਗਲਤ ਹੈ ਕਿ ਉਨ੍ਹਾਂ 'ਤੇ ਦਿੱਲੀ ਦੇ ਲੋਕ ਬਿਠਾਏ ਜਾ ਰਹੇ ਸਨ। ਅਖੀਰ 'ਚ ਉਨ੍ਹਾਂ ਫਿਰ ਇਹ ਸਪੱਸ਼ਟ ਕਿਹਾ ਕਿ ਉਹ ਸਰਕਾਰ ਦੇ ਹਰ ਫ਼ੈਸਲੇ ਦਾ ਸਤਿਕਾਰ ਕਰਦੇ ਹਨ ਤੇ ਅਸਤੀਫ਼ਾ ਦੇਣਾ ਉਨ੍ਹਾਂ ਦਾ ਨਿੱਜੀ ਫ਼ੈਸਲਾ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।