ਅਨਮੋਲ ਕਵਾਤਰਾ ਮਾਮਲੇ 'ਚ ਵੱਡਾ ਮੋੜ, ਦੋਸ਼ੀਆਂ ਨੂੰ ਮਿਲੀ ਜ਼ਮਾਨਤ

Monday, May 20, 2019 - 01:39 PM (IST)

ਅਨਮੋਲ ਕਵਾਤਰਾ ਮਾਮਲੇ 'ਚ ਵੱਡਾ ਮੋੜ, ਦੋਸ਼ੀਆਂ ਨੂੰ ਮਿਲੀ ਜ਼ਮਾਨਤ

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਬੀਤੇ ਦਿਨ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਪੁਲਸ ਨੇ ਮਾਮਲੇ ਦੇ ਦੋਸ਼ੀਆਂ ਖਿਲਾਫ ਕੁਝ ਹੀ ਘੰਟਿਆਂ 'ਚ ਮਾਮਲਾ ਦਰਜ ਕਰ ਲਿਆ ਸੀ ਅਤੇ ਦੋਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਗ੍ਰਿਫਤਾਰੀ ਦੇ ਕੁਝ ਹੀ ਸਮੇਂ ਬਾਅਦ ਕਾਂਗਰਸੀ ਦੱਸੇ ਜਾਂਦੇ ਦੋਵੇਂ ਦੋਸ਼ੀਆਂ ਨੇ ਜ਼ਮਾਨਤ ਲੈ ਲਈ ਹੈ। ਪੁਲਸ ਮੁਤਾਬਕ ਅਨਮੋਲ ਕਵਾਤਰਾ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਮੋਹਿਤ ਰਾਜਪਾਲ ਤੇ ਉਸ ਦੇ ਦੋਸ਼ੀ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਬਾਰੇ ਥਾਣਾ ਦਰੇਸੀ ਦੇ ਐੱਸ. ਐੱਚ. ਓ. ਸਤਪਾਲ ਸੰਧੂ ਨੇ ਦੱਸਿਆ ਕਿ ਬੀਤੇ ਦਿਨ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ ਦੀ ਕੁਝ ਕਾਂਗਰਸੀ ਵਰਕਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਦੋਹਾਂ ਵਿਚਕਾਰ ਹੱਥੋਪਾਈ ਹੋਈ ਅਤੇ ਪੁਲਸ ਨੇ ਮੋਹਿਤ ਰਾਮਪਾਲ ਤੇ ਉਸ ਦੇ ਸਾਥੀ 'ਤੇ ਮਾਮਲਾ ਦਰਜ ਕਰ ਲਿਆ ਸੀ। ਦੱਸ ਦੇਈਏ ਕਿ ਬੀਤੇ ਦਿਨ ਵੋਟ ਪਾਉਣ ਉਪਰੰਤ ਅਨਮੋਲ ਕਵਾਤਰਾ 'ਤੇ ਹੋਏ ਹਮਲੇ ਮਗਰੋਂ ਹਜ਼ਾਰਾਂ ਲੋਕ ਕਵਾਤਰਾ ਦੀ ਹਮਾਇਤ 'ਚ ਉਤਰ ਆਏ ਸਨ। ਉਸ ਸਮੇਂ ਤਾਂ ਦਬਾਅ ਕਾਰਨ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਰ ਲਿਆ ਪਰ ਕੁਝ ਹੀ ਸਮੇਂ ਬਾਅਦ ਦੋਸ਼ੀਆਂ ਦੀ ਜ਼ਮਾਨਤ ਹੋਣਾ, ਜਿਸ ਦੇ ਪਿੱਛੇ ਸਿਆਸੀ ਰਸੂਖ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


author

Babita

Content Editor

Related News