ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਿੱਲੀ ਦੇ ਪ੍ਰਗਤੀ ਮੈਦਾਨ ’ਚ ''ਪੰਜਾਬ ਡੇਅ’ ਸਮਾਗਮ ਦੇ ਹੋਣਗੇ ਮੁੱਖ ਮਹਿਮਾਨ
Tuesday, Nov 22, 2022 - 10:49 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਬਾਰੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਚੱਲ ਰਹੇ ਭਾਰਤ ਅੰਤਰਰਾਸ਼ਟਰੀ ਵਪਾਰ ਮੇਲਾ-2022 ਦਰਮਿਆਨ 25 ਨਵੰਬਰ ਨੂੰ ਹੋਣ ਵਾਲੇ 'ਪੰਜਾਬ ਡੇਅ' ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਇਸ ਮੌਕੇ ਪੰਜਾਬ ਪੈਵੇਲੀਅਨ ਦਾ ਉਦਘਾਟਨ ਕੀਤਾ ਜਾਵੇਗਾ, ਜਿਥੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਨਾਂ ਜਿਵੇਂ ਮਾਰਕਫੈੱਡ, ਵੇਰਕਾ, ਪੀ.ਐੱਸ.ਆਈ.ਈ.ਸੀ- ਇਨਵੈਸਟ ਪੰਜਾਬ, ਪੰਜਾਬ ਸੈਰ-ਸਪਾਟਾ ਵਿਭਾਗ, ਸਾਇੰਸ ਟੈਕਨਾਲੋਜੀ ਤੇ ਵਾਤਾਵਰਣ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੰਜਾਬ ਦੇ ਵਿਰਸੇ, ਸੱਭਿਆਚਾਰ, ਉਦਯੋਗਿਕ ਵਿਕਾਸ, ਖੇਤੀਬਾੜੀ ਖੇਤਰ ਵਿਚ ਨਵੀਨਤਮ ਕਦਮਾਂ ਅਤੇ ਹਸਤ ਕਲਾ ਦੀਆਂ ਵਸਤਾਂ ਦਰਸਾਈਆਂ ਜਾ ਰਹੀਆਂ ਹਨ।
ਇਸ ਸਾਲ ਦੇ ਵਪਾਰ ਮੇਲੇ ਦਾ ਥੀਮ ‘ਵੋਕਲ ਫਾਰ ਲੋਕਲ, ਲੋਕਲ ਟੂ ਗਲੋਬਲ’ ਹੈ। ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸਟਾਲਾਂ ’ਤੇ ਤਾਇਨਾਤ ਵਿਭਾਗੀ ਅਧਿਕਾਰੀ ਪੰਜਾਬ ਪੈਵੇਲੀਅਨ ਵਿਖੇ ਆਉਣ ਵਾਲੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਕਾਸ ਮੁਖੀ ਤੇ ਲੋਕ ਹਿੱਤ ਵਿਚ ਉਠਾਏ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦੇ ਰਹੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਸੂਫੀ ਗਾਇਕੀ ਲਈ ਜਾਣੀਆਂ ਜਾਂਦੀਆਂ ਨੂਰਾਂ ਸਿਸਟਰਸ ਵੱਲੋਂ ਪੰਜਾਬ ਡੇਅ ਦੇ ਸਮਾਗਮ ਦੌਰਾਨ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।