ਪਿਤਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਤੋਂ ਹਾਲੇ ਵੀ ਖਤਰਾ : ਅਨਮੋਲ ਚੱਢਾ

Wednesday, Jan 17, 2018 - 07:00 AM (IST)

ਪਿਤਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਤੋਂ ਹਾਲੇ ਵੀ ਖਤਰਾ : ਅਨਮੋਲ ਚੱਢਾ

ਚੰਡੀਗੜ੍ਹ  (ਰਮਨਜੀਤ) - ਵਾਇਰਲ ਵੀਡੀਓ ਮਾਮਲੇ 'ਚ ਉਲਝੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਚੇਅਰਮੈਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ 'ਚ ਉਨ੍ਹਾਂ ਦੇ ਬੇਟੇ ਅਨਮੋਲ ਚੱਢਾ ਨੇ ਕਿਹਾ ਕਿ ਉਸ ਦੇ ਦਾਦਾ ਅਤੇ ਪਿਤਾ ਨੂੰ ਬਲੈਕਮੇਲ ਕਰਨ 'ਚ ਸ਼ਾਮਲ ਰਹੇ ਲੋਕ ਹੀ ਉਸ ਦੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੁਲਸ ਕੋਲ ਲੋੜੀਂਦੇ ਸਬੂਤ ਹਨ ਅਤੇ ਜਾਂਚ ਚਲ ਰਹੀ ਹੈ। ਪੁਲਸ ਤੇ ਨਿਆਂ ਵਿਵਸਥਾ 'ਤੇ ਪਰਿਵਾਰ ਨੂੰ ਪੂਰਾ ਭਰੋਸਾ ਹੈ ਅਤੇ ਇਸੇ ਉਮੀਦ 'ਤੇ ਪੂਰਾ ਪਰਿਵਾਰ ਚਰਨਜੀਤ ਸਿੰਘ ਚੱਢਾ ਦਾ ਸਾਥ ਦੇਵੇਗਾ। ਹਾਲਾਂਕਿ ਅਨਮੋਲ ਚੱਢਾ ਨੇ ਇਹ ਵੀ ਕਿਹਾ ਕਿ ਜੋ ਲੋਕ ਬਲੈਕਮੇਲਿੰਗ ਤੇ ਉਸ ਦੇ ਪਿਤਾ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਹਨ, ਉਨ੍ਹਾਂ ਤੋਂ ਹਾਲੇ ਵੀ ਪਰਿਵਾਰ ਨੂੰ ਖਤਰਾ ਹੈ ਪਰ ਅਸੀਂ ਬਿਨਾਂ ਕਿਸੇ ਤੋਂ ਡਰੇ ਨਿਆਂ ਦਾ ਸਾਥ ਦੇਵਾਂਗੇ। ਅਨਮੋਲ ਚੱਢਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਚਲਾਏ ਜਾ ਰਹੇ ਸਮਾਜਸੇਵੀ ਕਾਰਜ ਬਾ-ਦਸਤੂਰ ਜਾਰੀ ਰਹਿਣਗੇ।
ਚੰਡੀਗੜ੍ਹ ਪ੍ਰੈੱਸ ਕਲੱਬ 'ਚ ਅਨਮੋਲ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਅਤੇ ਪਿਤਾ ਨੂੰ ਪਿਛਲੇ ਕਾਫੀ ਸਮੇਂ ਤੋਂ ਕੁਝ ਲੋਕ ਬਲੈਕਮੇਲ ਕਰ ਕੇ ਲੱਖਾਂ ਰੁਪਏ ਵਸੂਲ ਰਹੇ ਸਨ। ਉਨ੍ਹਾਂ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ, ਜਿਸ ਦੀ ਜਾਂਚ ਚਲ ਰਹੀ ਹੈ। ਉਹੀ ਲੋਕ ਉਸ ਦੇ ਪਿਤਾ ਦੀ ਖੁਦਕੁਸ਼ੀ ਮਗਰੋਂ ਉਨ੍ਹਾਂ ਦੇ ਟਰੱਸਟ, ਬਿਜ਼ਨੈੱਸ 'ਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਸਮਾਜ ਸੇਵਾ ਦੇ ਕੰਮ ਰੋਕਣ ਲਈ ਹਥਕੰਡੇ ਅਪਣਾ ਰਹੇ ਹਨ। ਚੱਢਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਨੂੰ ਜਾਨ ਦਾ ਖਤਰਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਕਰ ਕੇ ਇਨ੍ਹਾਂ ਲੋਕਾਂ 'ਤੇ ਕਾਰਵਾਈ ਕੀਤੀ ਜਾਵੇ।
 ਉਨ੍ਹਾਂ ਕਿਹਾ ਕਿ ਜੋ ਵੀਡੀਓ ਉਨ੍ਹਾਂ ਦੇ ਦਾਦਾ ਦੇ ਸਬੰਧ 'ਚ ਵਾਇਰਲ ਕੀਤੀ ਗਈ ਸੀ, ਉਸ ਮਾਮਲੇ 'ਚ ਉਨ੍ਹਾਂ ਐੱਸ. ਆਈ. ਟੀ. ਨੂੰ ਪੂਰੇ ਸਬੂਤ ਦਿੱਤੇ ਹਨ। ਐੱਸ. ਐੱਮ. ਐੱਸ., ਚੈਟਿੰਗ ਅਤੇ ਤਮਾਮ ਦਸਤਾਵੇਜ਼ ਐੱਸ. ਆਈ. ਟੀ. ਨੂੰ ਸੌਂਪ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. 'ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਅਤੇ ਯਕੀਨ ਵੀ ਹੈ ਕਿ ਸਾਡੇ ਪਰਿਵਾਰ ਨੂੰ ਨਿਆਂ ਮਿਲੇਗਾ।


Related News