ਦਿਨ ਦਿਹਾੜੇ 16 ਮਿੰਟ ''ਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਫਰਾਰ

Tuesday, Mar 20, 2018 - 06:47 AM (IST)

ਦਿਨ ਦਿਹਾੜੇ 16 ਮਿੰਟ ''ਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਫਰਾਰ

ਜਲੰਧਰ, (ਮ੍ਰਿਦੁਲ)— ਡਿਫੈਂਸ ਕਾਲੋਨੀ ਨਾਲ ਲੱਗਦੇ ਦਸਮੇਸ਼ ਨਗਰ ਵਿਚ ਮਕਾਨ ਨੰਬਰ 17 ਵਿਚ ਰਹਿਣ ਵਾਲੇ ਟਰਾਂਸਪੋਰਟਰ ਪਰਮਜੀਤ ਸਿੰਘ ਦੇ ਘਰ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਦਿਨ-ਦਿਹਾੜੇ ਚੋਰ 16 ਮਿੰਟ ਵਿਚ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਚੋਰ ਘਰੋਂ ਢਾਈ ਲੱਖ ਦੀ ਨਕਦੀ ਅਤੇ ਲਗਭਗ 3 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਮਾਮਲੇ ਨੂੰ ਲੈ ਕੇ ਬੱਸ ਸਟੈਂਡ ਚੌਕੀ ਦੀ ਪੁਲਸ ਨੇ ਆ ਕੇ ਕੇਸ ਦਰਜ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਚੁੱਕੇ ਹਨ। 
ਟਰਾਂਸਪੋਰਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਧਿਆਪਕਾ ਹੈ। ਸਵੇਰੇ ਉਹ ਸਕੂਲ ਚਲੀ ਗਈ ਅਤੇ ਉਨ੍ਹਾਂ ਦਾ 16 ਸਾਲਾਂ ਪੁੱਤਰ ਬਲਵਿੰਦਰ ਸਿੰਘ ਸਕੂਲ ਪੜ੍ਹਨ ਲਈ ਚਲਾ ਗਿਆ, ਜਿਸ ਤੋਂ ਬਾਅਦ ਉਹ ਘਰ 'ਚੋਂ ਲਗਭਗ 9.50 'ਤੇ ਤਾਲਾ ਲਾ ਕੇ ਚਲਾ ਗਿਆ। ਜਦੋਂ ਦੁਪਹਿਰ ਲਗਭਗ 1.30 ਉਸਦਾ ਪੁੱਤਰ ਬਲਵਿੰਦਰ ਸਕੂਲ ਤੋਂ ਵਾਪਸ ਘਰ ਆਇਆ ਤਾਂ ਉਸਨੇ ਦੇਖਿਆ ਕਿ ਘਰ ਦਾ ਮੇਨ ਗੇਟ ਖੁੱਲ੍ਹਾ ਹੈ ਅਤੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰੋਂ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰ ਚੋਰੀ ਕਰ ਕੇ ਲੈ ਗਏ ਸਨ। ਘਟਨਾ ਨੂੰ ਦੇਖ ਕੇ ਉਸਨੇ ਸਾਨੂੰ ਫੋਨ ਕੀਤਾ, ਜਿਸ ਤੋਂ ਬਾਅਦ ਉਹ ਢਾਈ ਵਜੇ ਦੇ ਲੱਗਪਗ ਘਰ ਪਹੁੰਚੇ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰੋਂ ਢਾਈ ਲੱਖ ਦੀ ਲੱਗਪਗ ਨਕਦੀ ਅਤੇ 3 ਲੱਖ ਦੀ ਕੀਮਤ ਦੇ ਗਹਿਣੇ ਚੋਰੀ ਹੋ ਚੁੱਕੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਤੇ ਬੱਸ ਸਟੈਂਡ ਚੌਕੀ ਦੀ ਪੁਲਸ ਦੀ ਫਿੰਗਰ ਪ੍ਰਿੰਟ ਲੈਣ ਵਾਲੀ ਟੀਮ ਨੇ ਆ ਕੇ ਸੈਂਪਲ ਲਏ। 
ਕੰਧ ਟੱਪਣ ਵੇਲੇ ਨੇੜੇ ਖੜ੍ਹੇ ਸਵੀਪਰ ਨੂੰ ਵੀ ਨਹੀਂ ਲੱਗਾ ਪਤਾ : ਸੀ. ਸੀ. ਟੀ. ਵੀ. ਕੈਮਰੇ ਵਿਚ ਰਿਕਾਰਡ ਫੁਟੇਜ ਮੁਤਾਬਕ ਚੋਰ ਘਰ ਵਿਚ 10.24 ਵਜੇ ਅੰਦਰ ਦਾਖਲ ਹੋਏ ਅਤੇ 10.40 ਵਜੇ ਬੈਗ ਵਿਚ ਸਾਮਾਨ ਭਰ ਕੇ ਫਰਾਰ ਹੋ ਗਏ। ਦਰਵਾਜ਼ੇ ਨੂੰ ਤੋੜਨ ਲਈ ਚੋਰਾਂ ਨੇ ਸੱਬਲ ਦੀ ਵਰਤੋਂ ਕੀਤੀ। ਘਰ ਵਿਚ ਦਾਖਲ ਹੋਣ ਲਈ ਉਨ੍ਹਾਂ ਨੇ ਘਰ ਦੇ ਮੇਨ ਗੇਟ ਦੀ ਕੰਧ ਨੂੰ ਟੱਪਿਆ। ਜ਼ਿਕਰਯੋਗ ਹੈ ਕਿ ਚੋਰਾਂ ਦੇ ਕੰਧ ਟੱਪਦੇ ਵੇਲੇ ਉਨ੍ਹਾਂ ਦੇ ਕੋਲ ਇਕ ਸਵੀਪਰ ਵੀ ਖੜ੍ਹਾ ਸੀ, ਜਿਸ ਦੇ ਸਾਹਮਣੇ ਉਨ੍ਹਾਂ ਨੇ ਕੰਧ ਨੂੰ ਟੱਪਿਆ, ਹਾਲਾਂਕਿ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।


Related News