ਕਣਕ ਤੇ ਹੋਰ ਫ਼ਸਲਾਂ ਦਾ ਆਵਾਰਾ ਪਸ਼ੂ ਕਰ ਰਹੇ ਨੇ ਉਜਾੜਾ

Monday, Feb 12, 2018 - 08:22 AM (IST)

ਕਣਕ ਤੇ ਹੋਰ ਫ਼ਸਲਾਂ ਦਾ ਆਵਾਰਾ ਪਸ਼ੂ ਕਰ ਰਹੇ ਨੇ ਉਜਾੜਾ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ, ਪਵਨ ਤਨੇਜਾ) - ਇਸ ਵੇਲੇ ਸਮੁੱਚਾ ਕਿਸਾਨ ਵਰਗ ਦੋ ਸਮੱਸਿਆਵਾਂ ਵਿਚ ਪੂਰੀ ਤਰ੍ਹਾਂ ਘਿਰਿਆ ਹੋਇਆ ਹੈ। ਪਹਿਲੀ ਸਮੱਸਿਆ ਤਾਂ ਕਿਸਾਨਾਂ ਦੇ ਸਿਰ ਚੜ੍ਹੇ ਕਰਜ਼ਿਆਂ ਦੀ ਹੈ ਅਤੇ ਕਰਜ਼ੇ ਦੀ ਮਾਰ ਹੇਠਾਂ ਆਇਆ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਦੇ ਰਸਤੇ ਪਿਆ ਹੋਇਆ ਹੈ, ਜਦਕਿ ਦੂਜੀ ਵੱਡੀ ਸਮੱਸਿਆ ਕਿਸਾਨਾਂ ਲਈ ਆਵਾਰਾ ਪਸ਼ੂਆਂ ਦੀ ਬਣੀ ਹੋਈ ਹੈ। ਇਨ੍ਹਾਂ ਆਵਾਰਾ ਪਸ਼ੂਆਂ ਨੇ ਕਿਸਾਨਾਂ ਦੇ ਨੱਕ 'ਚ ਦਮ ਕਰ ਰੱਖਿਆ ਹੈ। ਕਿਸਾਨ ਵਰਗ ਲਈ ਇਹ ਪਸ਼ੂ ਭਾਰੀ ਮੁਸੀਬਤ ਬਣੇ ਹੋਏ ਹਨ ਅਤੇ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਕਿਉਂਕਿ ਇਹ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦਾ ਉਜਾੜਾ ਕਰ ਰਹੇ ਹਨ। ਇਸ ਵਿਸ਼ੇ ਨੂੰ ਲੈ ਕੇ 'ਜਗ ਬਾਣੀ' ਵੱਲੋਂ ਇਸ ਹਫ਼ਤੇ ਦੀ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਖੇਤਾਂ 'ਚ ਪਸ਼ੂਆਂ ਦੇ ਫਿਰਦੇ ਨੇ ਵੱਡੇ ਝੁੱਡ
ਕਿਸਾਨਾਂ ਦੇ ਖੇਤਾਂ 'ਚ ਆਵਾਰਾ ਪਸ਼ੂਆਂ ਦੇ ਵੱਡੇ ਝੁੰਡ ਫਿਰਦੇ ਹਨ, ਜਿਸ ਖੇਤ 'ਚ ਇਹ ਪਸ਼ੂ ਆ ਜਾਂਦੇ ਹਨ ਤਾਂ ਉੱਥੇ ਫ਼ਸਲ ਦਾ ਸਫ਼ਾਇਆ ਕਰ ਕੇ ਰੱਖ ਦਿੰਦੇ ਹਨ। ਰਾਤ ਵੇਲੇ ਇਹ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਕਰਦੇ ਹਨ।
ਕਈ ਆਵਾਰਾ ਪਸ਼ੂ ਨੇ ਖਤਰਨਾਕ
ਜ਼ਿਕਰਯੋਗ ਹੈ ਕਿ ਕਈ ਆਵਾਰਾ ਪਸ਼ੂ ਖਤਰਨਾਕ ਕਿਸਮ ਦੇ ਹਨ। ਕੁਝ ਸਾਨ੍ਹ ਮਨੁੱਖਾਂ ਨੂੰ ਮਾਰਦੇ ਹਨ ਅਤੇ ਉਨ੍ਹਾਂ ਦੇ ਮਗਰ ਪੈ ਜਾਂਦੇ ਹਨ। ਇਨ੍ਹਾਂ ਕਾਰਨ ਕਈ ਵਿਅਕਤੀ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ ਅਤੇ ਕਈ ਅਪਾਹਜ ਹੋ ਕੇ ਰਹਿ ਗਏ ਹਨ।
ਨਹੀਂ ਕਰਦੇ ਕੰਡਿਆਲੀ ਤਾਰਾਂ ਦੀ ਪ੍ਰਵਾਹ
ਭਾਵੇਂ ਕਿਸਾਨਾਂ ਨੇ ਆਪਣੀਆਂ ਫਸਲਾਂ ਦੇ ਆਲੇ-ਦੁਆਲੇ ਕੰਡਿਆਲੀ ਤਾਰਾਂ ਦੀ ਵਾੜ ਕੀਤੀ ਹੋਈ ਹੈ ਪਰ ਫਿਰ ਵੀ ਇਹ ਅਵਾਰਾ ਪਸ਼ੂ ਇਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਇਨ੍ਹਾਂ ਤਾਰਾਂ ਦੇ ਉੱਪਰ ਦੀ ਛਾਲਾਂ ਮਾਰਦੇ ਖੇਤਾਂ 'ਚ ਦਾਖਲ ਹੋ ਜਾਂਦੇ ਹਨ।
ਕਿਸਾਨ ਰਾਤਾਂ ਕੱਟਦੇ ਨੇ ਖੇਤਾਂ ਵਿਚ
ਆਪਣੀਆਂ ਫ਼ਸਲਾਂ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਕਈ ਕਿਸਾਨ ਰਾਤ ਵੇਲੇ ਖੇਤਾਂ ਵਿਚ ਹੀ ਰਹਿੰਦੇ ਹਨ ਅਤੇ ਕਿਸਾਨਾਂ ਨੇ ਖੇਤਾਂ 'ਚ ਰਾਤ ਕੱਟਣ ਵਾਸਤੇ ਰੈਣ-ਬਸੇਰੇ ਬਣਾਏ ਹੋਏ ਹਨ।
ਕੁਝ ਪਿੰਡਾਂ ਦੇ ਕਿਸਾਨਾਂ ਨੇ ਪਸ਼ੂਆਂ ਦਾ ਦਿੱਤਾ ਠੇਕਾ
ਕੁਝ ਅਜਿਹੇ ਪਿੰਡ ਵੀ ਹਨ, ਜਿੱਥੇ ਦੋ ਕਿਸਾਨਾਂ ਨੇ ਅੱਕ ਕੇ ਆਵਾਰਾ ਪਸ਼ੂਆਂ ਤੋਂ ਛੁਟਕਾਰਾ ਪਾਉਣ ਲਈ ਘੋੜਿਆਂ ਵਾਲਿਆਂ ਨੂੰ ਠੇਕਾ ਦੇ ਦਿੱਤਾ ਹੈ ਅਤੇ ਸਾਰੇ ਪਿੰਡ ਦੇ ਕਿਸਾਨਾਂ ਤੋਂ ਪੈਸੇ ਇਕੱਠੇ ਕਰ ਕੇ ਉਨ੍ਹਾਂ ਨੂੰ ਦੇ ਦਿੱਤੇ ਹਨ। ਇਹ ਘੋੜਿਆਂ ਵਾਲੇ ਆਵਾਰਾ ਪਸ਼ੂਆਂ ਨੂੰ ਗੱਡਿਆਂ ਅੱਗੇ ਲਾ ਕੇ ਭਜਾਈ ਫਿਰਦੇ ਹਨ।
ਸਮੇਂ ਦੀਆਂ ਸਰਕਾਰਾਂ ਹੋਈਆਂ ਫੇਲ
ਸੂਬੇ 'ਚ ਸਰਕਾਰ ਭਾਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਰਹੀ ਅਤੇ ਜਾ ਹਕੂਮਤ ਕਾਂਗਰਸ ਦੇ ਹੱਥ ਆਈ ਪਰ ਕਿਸਾਨਾਂ ਦੇ ਅੰਦਰਲੇ ਦਰਦ ਨੂੰ ਕਿਸੇ ਨੇ ਵੀ ਨਹੀਂ ਸਮਝਿਆ। ਆਵਾਰਾ ਪਸ਼ੂਆਂ ਦੀ ਸਮੱਸਿਆ ਵੱਲ ਸਰਕਾਰਾਂ ਧਿਆਨ ਹੀ ਨਹੀਂ ਦੇ ਰਹੀਆਂ। ਉਂਝ ਤਾਂ ਬੁੱਤਾ ਸਾਰਨ ਨੂੰ ਕਾਗਜ਼ਾਂ ਵਿਚ ਹੀ ਕਹਿ ਦਿੱਤਾ ਜਾਂਦਾ ਕਿ ਇੰਨੇ ਕਰੋੜ ਰੁਪਏ ਖਰਚ ਕੇ ਗਊਸ਼ਾਲਾਵਾਂ ਬਣਾਈਆਂ ਜਾ ਰਹੀਆਂ ਹਨ। ਅਸਲ 'ਚ ਸਰਕਾਰ ਇਸ ਮਸਲੇ ਸਬੰਧੀ ਗੰਭੀਰ ਹੀ ਨਹੀਂ ਹੈ।
ਪਸ਼ੂ ਵੀ ਸੌਖੇ ਨਹੀਂ
ਜੇਕਰ ਵੇਖਿਆ ਜਾਵੇ ਤਾਂ ਆਵਾਰਾ ਪਸ਼ੂ ਵੀ ਸੌਖੇ ਨਹੀਂ ਹਨ। ਕਈ ਵਾਰ ਇਨ੍ਹਾਂ ਨੂੰ ਭੁੱਖੇ-ਧਿਆਏ ਰਹਿਣਾ ਪੈਂਦਾ ਹੈ ਅਤੇ ਪੀਣ ਲਈ ਪਾਣੀ ਵੀ ਨਹੀਂ ਮਿਲਦਾ। ਖੇਤਾਂ ਦੇ ਆਲੇ-ਦੁਆਲੇ ਲੱਗੀਆਂ ਕੰਡਿਆਲੀ ਤਾਰਾਂ ਕਰ ਕੇ ਇਹ ਜ਼ਖ਼ਮੀ ਵੀ ਹੋ ਜਾਂਦੇ ਹਨ ਅਤੇ ਮੱਲ੍ਹਮ-ਪੱਟੀ ਵੀ ਕੋਈ ਨਹੀਂ ਕਰਵਾਉਂਦਾ। ਵਾਧੂ ਦੇ ਡੰਡੇ ਇਨ੍ਹਾਂ ਦੇ ਨਿੱਤ ਰੋਜ਼ ਪੈਂਦੇ ਹਨ।


Related News