ਇੰਪਰੂਵਮੈਂਟ ਟਰੱਸਟ ਵਿਰੁੱਧ ਫੁੱਟਿਆ ਸੂਰਿਆ ਐਨਕਲੇਵ ਦੇ ਲੋਕਾਂ ਦਾ ਗੁੱਸਾ
Thursday, Jul 30, 2020 - 10:59 AM (IST)
ਜਲੰਧਰ(ਬੁਲੰਦ) – ਸੂਰਿਆ ਐਨਕਲੇਵ ਦੇ ਪਲਾਟਧਾਰਕਾਂ ਦਾ ਅੱਜ ਇੰਪਰੂਵਮੈਂਟ ਟਰੱਸਟ ਵਿਰੁੱਧ ਗੁੱਸਾ ਫੁੱਟਿਆ। ਇਸ ਮੌਕੇ ਸੂਰਿਆ ਐਨਕਲੇਵ ਐਕਸਟੈਨਸ਼ਨ 94.97 ਏਕੜ ਸਕੀਮ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਐੱਮ. ਏ. ਸਹਿਗਲ, ਜਤਿੰਦਰ ਮੋਹਨ ਸ਼ਰਮਾ, ਭਾਰਤ ਭੂਸ਼ਨ ਖੁੱਲਰ, ਰਾਏ ਸਾਹਿਬ, ਅਮਿਤ ਸ਼ਰਮਾ, ਵੈਭਵ ਕਪੂਰ ਅਤੇ ਪ੍ਰੋ. ਭਾਰਤ ਭੂਸ਼ਨ ਨੇ ਦੱਸਿਆ ਕਿ 2011 ਵਿਚ ਟਰੱਸਟ ਨੇ ਸਕੀਮ ਲਾਂਚ ਕੀਤੀ ਸੀ ਪਰ ਅੱਜ ਤੱਕ ਉਨ੍ਹਾਂ ਨੂੰ ਆਪਣੇ ਪਲਾਟ ਨਹੀਂ ਮਿਲ ਸਕੇ। ਜਤਿੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਦਸੰਬਰ 2011 ਵਿਚ ਉਨ੍ਹਾਂ ਨੂੰ ਪਲਾਟ ਅਲਾਟ ਹੋਇਆ ਸੀ। ਇਸ ਤੋਂ ਬਾਅਦ 6 ਕਿਸ਼ਤਾਂ ਿਵਚ ਉਨ੍ਹਾਂ ਨੇ ਸਾਰੇ ਪੈਸੇ ਟਰੱਸਟ ਨੂੰ ਜਮ੍ਹਾ ਕਰਵਾ ਦਿੱਤੇ। ਸਾਰੀਆਂ ਕਿਸ਼ਤਾਂ ਜਮ੍ਹਾ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਗਿਆ ਕਿ ਆਖਰੀ ਕਿਸ਼ਤ ਤੋਂ ਬਾਅਦ ਤੁਹਾਨੂੰ ਪਲਾਟ ਦਾ ਕਬਜ਼ਾ ਮਿਲ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 2014 ਵਿਚ ਉਨ੍ਹਾਂ ਨੂੰ ਆਖਰੀ ਕਿਸ਼ਤ ਜਮ੍ਹਾ ਕਰਵਾ ਦਿੱਤੀ ਪਰ 2014 ਤੋਂ ਉਹ ਚੱਕਰ ਲਗਾ ਰਹੇ ਹਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਪਲਾਟ ਵਾਲੀ ਜਗ੍ਹਾ ’ਤੇ ਹਾਈ ਕੋਰਟ ਨੇ ਸਟੇਅ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਟਰੱਸਟ ਦੀ ਧੋਖਾਧੜੀ ਹੈ ਕਿ ਉਸ ਨੇ ਹਾਈ ਕੋਰਟ ਵਿਚ ਝਗੜੇ ਵਾਲੀ ਜਗ੍ਹਾ ’ਤੇ ਪਲਾਟ ਕੱਟ ਕੇ ਲੋਕਾਂ ਨੂੰ ਦਿੱਤੀ ਅਤੇ ਉਨ੍ਹਾਂ ਤੋਂ ਪੈਸੇ ਲਏ।
ਇਹ ਵੀ ਦੇਖੋ : ਵ੍ਹਿਜ ਪਾਵਰ ਕੰਪਨੀ ਦੇ ਦੋਸ਼ੀ ਮਾਲਕ ਦੇ ਰਿਸ਼ਤੇਦਾਰ ਚੋਰੀ ਛੁਪੇ ਕੋਠੀ ’ਚੋਂ ਲੈ ਗਏ 2 ਬੈਗ ਅਤੇ ਐਕਟਿਵਾ
ਲੋਕਾਂ ਨੇ ਦੱਸਿਆ ਕਿ ਟਰੱਸਟ ਨੇ ਇਕ ਕਿਸ਼ਤ ਲੇਟ ਹੋਣ ’ਤੇ ਹਜ਼ਾਰਾਂ ਰੁਪਏ ਜੁਰਮਾਨਾ ਲੋਕਾਂ ਤੋਂ ਵਸੂਲਿਆ ਪਰ ਲੋਕਾਂ ਤੋਂ ਜੋ ਕਰੋੜਾਂ ਰੁਪਏ ਲਏ ਹਨ, ਉਸਦੇ ਬਦਲੇ ਉਨ੍ਹਾਂ ਨੂੰ ਪਲਾਟ ਨਹੀਂ ਦਿੱਤੇ। ਲੋਕਾਂ ਨੇ ਮੰਗ ਕੀਤੀ ਕਿ ਜੋ ਵਾਅਦੇ ਟਰੱਸਟ ਨੇ ਕੀਤੇ ਸਨ ਕਿ ਕਾਜ਼ੀ ਮੰਡੀ ਦੀਆਂ ਝੁੱਗੀਆਂ ਨੂੰ ਇਥੋਂ ਸ਼ਿਫਟ ਕੀਤਾ ਜਾਵੇਗਾ ਪਰ ਉਹ ਵੀ ਨਹੀਂ ਕੀਤਾ। ਇਕ ਵਾਅਦਾ ਕੀਤਾ ਸੀ ਕਿ ਦੋਮੋਰੀਆ ਪੁਲ ਤੋਂ ਸੂਰਿਆ ਐਨਕਲੇਵ 120 ਫੁੱਟ ਚੌੜੀ ਸੜਕ ਬਣੇਗੀ ਅਤੇ ਫੈਕਟਰੀਆਂ ਹਟਾਈਆਂ ਜਾਣਗੀਆਂ ਪਰ ਅਜਿਹਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇਸ ਤੋਂ ਸਾਫ ਹੈ ਕਿ ਸਰਕਾਰੀ ਸਕੀਮਾਂ ਦੇ ਨਾਂ ’ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਉਨ੍ਹਾਂ ਦੇ ਪਲਾਟਾਂ ਦਾ ਕਬਜ਼ਾ ਟਰੱਸਟ ਉਨ੍ਹਾਂ ਨੂੰ ਦੇਵੇ ਅਤੇ ਸਾਰੇ ਵਾਅਦੇ ਪੂਰੇ ਕਰੇ, ਨਹੀਂ ਤਾਂ ਲੋਕਾਂ ਦਾ ਭਰੋਸਾ ਸਰਕਾਰ ਦੀਆਂ ਯੋਜਨਾਵਾਂ ਤੋਂ ਉੱਠ ਜਾਵੇਗਾ।