ਆਂਗਣਵਾੜੀ ਵਰਕਰਾਂ ਬਿਨਾਂ ਪੈਸਿਆਂ ਤੋਂ ਲੜ ਰਹੀਆਂ ਹਨ ਸਰਕਾਰ ਦੀ ਪੋਸ਼ਣ ਮੁਹਿੰਮ ਦੀ ਜੰਗ

Sunday, Sep 15, 2019 - 01:23 PM (IST)

ਆਂਗਣਵਾੜੀ ਵਰਕਰਾਂ ਬਿਨਾਂ ਪੈਸਿਆਂ ਤੋਂ ਲੜ ਰਹੀਆਂ ਹਨ ਸਰਕਾਰ ਦੀ ਪੋਸ਼ਣ ਮੁਹਿੰਮ ਦੀ ਜੰਗ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਸਰਕਾਰ ਵਲੋਂ ਪੋਸ਼ਣ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਸਤੰਬਰ ਦਾ ਪੂਰਾ ਮਹੀਨਾ ਪੋਸ਼ਣ ਅਭਿਆਨ ਵਜੋਂ ਗਤੀਵਿਧੀਆਂ ਕਰਕੇ ਮਨਾਇਆ ਜਾ ਰਿਹਾ ਹੈ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੂਰੇ ਪੱਬਾਂ ਵਾਲਾ ਜ਼ੋਰ ਲਗਾ ਕੇ ਵੱਖ-ਵੱਖ ਗਤੀਵਿਧੀਆਂ ਕਰਵਾ ਰਿਹਾ ਹੈ। ਜ਼ਿਲਾ ਪ੍ਰੋਗਰਾਮ ਅਫ਼ਸਰ, ਸੀ.ਡੀ. ਪੀ.ਓ. ਤੇ ਆਂਗਣਵਾੜੀ ਸੁਪਰਵਾਈਜ਼ਰਾਂ ਵਲੋਂ ਜਾਗਰੂਕ ਰੈਲੀਆਂ, ਨੁੱਕੜ ਨਾਟਕ, ਜਾਗੋ, ਗਿੱਧਾ ਆਦਿ ਤੋਂ ਇਲਾਵਾ ਗੋਦ ਭਰਾਈ ਵਰਗੇ ਸਮਾਗਮ ਕਰਵਾਏ ਜਾ ਰਹੇ ਹਨ, ਜੋ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਜ਼ਿਲਾ ਪ੍ਰੋਗਰਾਮ ਅਫਸਰ ਰਤਨਦੀਪ ਕੌਰ ਸੰਧੂ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਹਨ। ਵਿਭਾਗ ਦੀ ਡਾਇਰੈਕਟਰ ਗੁਰਪ੍ਰੀਤ ਸਪਰਾ ਨੇ ਇਸ ਮੁਹਿੰਮ ਨੂੰ ਜਿਥੇ ਆਪਣੇ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤਕੜੇ ਹੋ ਕੇ ਨੇਪਰੇ ਚਾੜਨ ਦੀਆਂ ਹਦਾਇਤਾਂ ਕੀਤੀਆਂ, ਉਥੇ ਹੀ ਉਨ੍ਹਾਂ ਨੇ ਆਂਗਣਵਾੜੀ ਯੂਨੀਅਨ ਦੇ ਸੂਬਾਈ ਆਗੂਆਂ ਦੀ ਮੀਟਿੰਗ ਬੁਲਾ ਕੇ ਮੁਹਿੰਮ ਲਈ ਸਹਿਯੋਗ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਇਸ ਮੁਹਿੰਮ 'ਚ ਵਿਭਾਗ ਤੇ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀਆਂ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਵਰਕਰਾਂ ਨੂੰ ਅੱਖੋਂ ਪਰੋਖੇ ਕਰੀ ਬੈਠੀ ਹੈ। ਜੇਕਰ ਵੇਖਿਆ ਜਾਵੇ ਤਾਂ ਇਹ ਵਰਕਰਾਂ ਬਿਨਾਂ ਪੈਸਿਆਂ ਤੋਂ ਸਰਕਾਰ ਦੀ ਪੋਸ਼ਣ ਮੁਹਿੰਮ ਦੀ ਜੰਗ ਲੜ ਰਹੀਆਂ ਹਨ, ਕਿਉਂਕਿ ਪਿਛਲੇ ਡੇਢ ਸਾਲ ਤੋਂ ਪੰਜਾਬ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਨੂੰ ਇਸ ਮੁਹਿੰਮ 'ਚ ਕੰਮ ਕਰਨ ਲਈ ਪੈਸਾ ਨਹੀਂ ਦਿੱਤਾ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਸ਼ਿੰਦਰਪਾਲ ਕੌਰ ਨੇ ਦੋਸ਼ ਲਾਇਆ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਨੂੰ ਕੋਈ ਪੈਸਾ ਨਹੀਂ ਦਿੱਤਾ। ਪੋਸ਼ਣ ਮੁਹਿੰਮ ਲਈ ਵਰਕਰ ਦੇ 500 ਰੁਪਏ ਹਨ ਅਤੇ ਹੈਲਪਰ ਦੇ 250 ਰੁਪਏ ਹਨ, ਜਿਸ ਨੂੰ ਦਿਵਾਉਣ ਲਈ ਜਥੇਬੰਦੀ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।

ਨਹੀਂ ਦਿੱਤੇ ਗਏ ਸਮਾਰਟ ਫੋਨ
ਸਰਕਾਰ ਵਲੋਂ ਕਿਹਾ ਗਿਆ ਸੀ ਆਂਗਣਵਾੜੀ ਵਰਕਰਾਂ ਵਲੋਂ ਵਿਭਾਗ ਦੇ ਕੀਤੇ ਜਾ ਰਹੇ ਕੰਮਾਂ 'ਤੇ ਗਤੀਵਿਧੀਆਂ ਸਬੰਧੀ ਜਾਣਕਾਰੀ ਦੇਣ ਲਈ ਉਨ੍ਹਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ। ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵਰਕਰਾਂ ਨੂੰ ਸਮਾਰਟ ਫੋਨ ਨਹੀਂ ਦਿੱਤੇ ਗਏ। ਹੇਠਲੇ ਪੱਧਰ 'ਤੇ ਵਰਕਰਾਂ ਕੋਲੋਂ ਪੋਸ਼ਣ ਅਭਿਆਨ ਨਾਲ ਸਬੰਧਿਤ ਫੋਟੋਆਂ ਅਤੇ ਹੋਰ ਗਤੀਵਿਧੀਆਂ ਦੀਆਂ ਫ਼ੋਟੋ ਮੰਗੀਆਂ ਜਾਂਦੀਆਂ ਹਨ, ਜਦਕਿ ਇਹ ਕੰਮ ਸੁਪਰਵਾਈਜ਼ਰਾਂ ਜਾਂ ਸੀ.ਡੀ.ਪੀ.ਓ. ਦਾ ਹੁੰਦਾ ਹੈ।

ਵਰਕਰ ਦਾ 9 ਹਜ਼ਾਰ ਤੇ ਹੈਲਪਰ ਦਾ 4500 ਰੁਪਏ ਬਕਾਇਆ
ਪੋਸ਼ਣ ਅਭਿਆਨ ਮੁਹਿੰਮ ਅਪ੍ਰੈਲ 2018 ਦੌਰਾਨ ਸ਼ੁਰੂ ਕੀਤੀ ਗਈ ਸੀ। ਸੂਬੇ ਭਰ 'ਚ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹਨ। ਇਕ ਵਰਕਰ ਦਾ 9 ਹਜ਼ਾਰ ਅਤੇ ਇਕ ਹੈਲਪਰ ਦਾ 4500 ਰੁਪਏ ਸਰਕਾਰ ਵੱਲ ਬਕਾਇਆ ਬਾਕੀ ਹੈ, ਜੋ ਉਨ੍ਹਾਂ ਨੂੰ ਨਹੀਂ ਦਿੱਤਾ ਜਾ ਰਿਹਾ।  

ਜ਼ਿਲਾ ਪ੍ਰੋਗਰਾਮ ਅਫਸਰ
ਰਤਨਦੀਪ ਕੌਰ ਸੰਧੂ, ਜਿੰਨਾ ਕੋਲ ਜ਼ਿਲਾ ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਚਾਰਜ ਹੈ, ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ ਅਤੇ ਮੁਕਤਸਰ ਦੇ ਚਾਰੇ ਬਲਾਕ ਬਜਟ 'ਚ ਆ ਗਏ ਹਨ, ਜਿਸ ਦੇ ਪਾਸੇ ਲਏ ਜਾ ਰਹੇ ਹਨ। ਦੂਜੇ ਪਾਸੇ ਵਿਭਾਗੀ ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਸਾਰੇ ਬਕਾਇਆ ਪੈਸੇ ਅਜੇ ਨਹੀਂ ਦਿੱਤੇ ਜਾ ਰਹੇ ਅਤੇ ਪੋਸ਼ਣ ਮੁਹਿੰਮ ਲਈ ਪੈਸੇ ਅਜੇ ਆਉਣੇ ਹਨ।


author

rajwinder kaur

Content Editor

Related News