ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮਹਿਲਾ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਇਆ
Friday, Mar 09, 2018 - 10:40 AM (IST)
ਭਿੱਖੀਵਿੰਡ/ਬੀੜ ਸਾਹਿਬ, (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੀ. ਡੀ. ਪੀ. ਓ. ਦਫਤਰ ਭਿੱਖੀਵਿੰਡ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਜ਼ਿਲਾ ਪ੍ਰਧਾਨ ਅਨੂਪ ਕੌਰ ਬਲੇਰ ਵੱਲੋਂ ਕੀਤੀ ਗਈ। ਇਸ ਦੌਰਾਨ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।
ਇਸ ਮੌਕੇ ਸੀ. ਡੀ .ਪੀ. ਓ. ਦਫਤਰ ਭਿੱਖੀਵਿੰਡ ਵਿਖੇ ਪੰਜਾਬ ਸਰਕਾਰ ਦੇ ਨਾਂ ਇਕ ਮੰਗ ਪੱਤਰ ਸੀ. ਡੀ. ਪੀ. ਓ. ਮੈਡਮ ਦੀ ਗੈਰ-ਹਾਜ਼ਰੀ 'ਚ ਦਫਤਰ ਦੇ ਲੇਖਾਕਾਰ ਸੁਖਦੀਪ ਸਿੰਘ ਨੂੰ ਸੌਂਪਿਆ ਗਿਆ। ਯੂਨੀਅਨ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਅਤੇ ਸਮਾਜਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 26 ਨਵੰਬਰ 2017 ਨੂੰ ਲਿਆ ਸਾਂਝਾ ਫੈਸਲਾ ਤੁਰੰਤ ਲਾਗੂ ਕੀਤਾ ਜਾਵੇ, ਜਿਸਦੇ ਮੁਤਾਬਕ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰਾਂ 'ਚ ਯਕੀਨੀ ਬਣਾਉਂਦੇ ਹੋਏ ਪ੍ਰੀ-ਪ੍ਰਾਇਮਰੀ ਸਿੱਖਿਆ ਲਾਜ਼ਮੀ ਕਰ ਕੇ ਆਂਗਣਵਾੜੀ ਕੇਂਦਰਾਂ 'ਚ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਇਸ ਮੌਕੇ ਬਲਾਕ ਪ੍ਰਧਾਨ ਰਾਜਬੀਰ ਕੌਰ ਕਾਜੀਚੱਕ, ਹਰਜਿੰਦਰ ਪਾਲ ਕੌਰ ਭਿੱਖੀਵਿੰਡ, ਬਲਵਿੰਦਰ ਕੌਰ ਖਾਲੜਾ, ਸੁਖਵੰਤ ਕੌਰ ਪੂਹਲਾ, ਪਰਮਜੀਤ ਕੌਰ, ਕੁਲਵਿੰਦਰ ਕੌਰ ਦਿਆਲਪੁਰਾ, ਸ਼ਰਨਜੀਤ ਕੌਰ ਤੇ ਕਰਮਜੀਤ ਕੌਰ ਅਲਗੋ ਕੋਠੀ, ਉਰਮਲਜੀਤ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ ਵਲਟੋਹਾ ਆਦਿ ਹਾਜ਼ਰ ਸਨ ।
