20,000 ਰਿਸ਼ਵਤ ਲੈਂਦੀ ਮਹਿਲਾ ਸਬ ਇੰਸਪੈਕਟਰ ਅਮਨਦੀਪ ਕੌਰ ਕਾਬੂ
Sunday, Jun 21, 2026 - 07:57 PM (IST)
ਫਿਲੌਰ (ਭਾਖੜੀ) : ਪੰਜਾਬ ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਫਿਲੌਰ ਪੁਲਸ ਥਾਣੇ ਵਿਚ ਤਾਇਨਾਤ ਮਹਿਲਾ ਸਬ-ਇੰਸਪੈਕਟਰ (ਐੱਸ.ਆਈ.) ਅਮਨਦੀਪ ਕੌਰ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਧਿਕਾਰੀ ਦੀ ਗ੍ਰਿਫ਼ਤਾਰੀ ਫਿਲੌਰ ਥਾਣੇ ਦੇ ਅੰਦਰ ਉਸ ਦੇ ਦਫ਼ਤਰ ਵਿਚ ਹੀ ਕੀਤੀ ਗਈ ਹੈ।
ਸੂਤਰਾਂ ਅਨੁਸਾਰ, ਖੇਡ ਕੋਟੇ ਤਹਿਤ ਭਰਤੀ ਹੋਈ ਐੱਸ.ਆਈ. ਅਮਨਦੀਪ ਕੌਰ ਨੇ ਕੁਝ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਭਗੌੜੇ ਚੱਲ ਰਹੇ ਹੈਪੀ ਨਾਮਕ ਨੌਜਵਾਨ ਨੂੰ 100 ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਸਮੇਂ ਹੈਪੀ ਕੋਲ ਇੱਕ ਮੋਟਰਸਾਈਕਲ ਅਤੇ ਮੋਬਾਈਲ ਫੋਨ ਸੀ। ਹੈਪੀ ਦੀ ਮਾਤਾ ਰਾਜ ਰਾਣੀ ਨੇ ਜਦੋਂ ਆਪਣੇ ਬੇਟੇ ਦਾ ਮੋਟਰਸਾਈਕਲ ਅਤੇ ਫੋਨ ਵਾਪਿਸ ਮੰਗਿਆ ਤਾਂ ਐੱਸ.ਆਈ. ਨੇ ਇਸ ਦੇ ਬਦਲੇ ਅਤੇ ਬੇਟੇ ਦੀ ਜਲਦੀ ਜ਼ਮਾਨਤ ਕਰਵਾਉਣ ਵਿਚ ਮਦਦ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ।
ਮਹਿਲਾ ਐੱਸ.ਆਈ. ਨੇ ਪਹਿਲਾਂ 25 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ, ਪਰ ਬਾਅਦ ਵਿੱਚ ਸੌਦਾ 20 ਹਜ਼ਾਰ ਰੁਪਏ ਵਿੱਚ ਤੈਅ ਹੋਇਆ। ਰਾਜ ਰਾਣੀ ਨੇ ਦੱਸਿਆ ਕਿ ਮਹਿਲਾ ਅਧਿਕਾਰੀ ਰਿਸ਼ਵਤ ਦੇ ਪੈਸਿਆਂ ਲਈ ਉਸ ਨੂੰ ਵਾਰ-ਵਾਰ ਫੋਨ ਕਰਕੇ ਤੰਗ ਕਰ ਰਹੀ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ਮਿਲਣ ਤੋਂ ਬਾਅਦ ਡੀ.ਐੱਸ.ਪੀ. ਅਸ਼ੋਕ ਕੁਮਾਰ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਨੇ ਫਿਲੌਰ ਥਾਣੇ ਦੇ ਬਾਹਰ ਜਾਲ ਵਿਛਾਇਆ। ਜਿਵੇਂ ਹੀ ਰਾਜ ਰਾਣੀ ਨੇ ਥਾਣੇ ਦੇ ਅੰਦਰ ਜਾ ਕੇ ਮਹਿਲਾ ਐੱਸ.ਆਈ. ਨੂੰ 20 ਹਜ਼ਾਰ ਰੁਪਏ ਫੜਾਏ, ਵਿਜੀਲੈਂਸ ਦੀ ਟੀਮ ਨੇ ਉਸ ਨੂੰ ਮੌਕੇ 'ਤੇ ਹੀ ਦਬੋਚ ਲਿਆ। ਫਿਲਹਾਲ ਵਿਜੀਲੈਂਸ ਵਿਭਾਗ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
