ਆਂਗਣਵਾੜੀ ਯੂਨੀਅਨ ਨੇ ਕੈਪਟਨ ਸਰਕਾਰ ਦਾ ਫੂਕਿਆ ਪੁਤਲਾ

05/04/2018 3:57:28 AM

ਸੁਲਤਾਨਪੁਰ ਲੋਧੀ, (ਧੀਰ)- ਪੁਲਸ ਵੱਲੋਂ ਸੂਬਾ ਪ੍ਰਧਾਨ ਆਂਗਣਵਾੜੀ ਹਰਗੋਬਿੰਦ ਕੌਰ ਸਮੇਤ 100 ਤੋਂ ਵੀ ਵਧ ਆਗੂਆਂ ਨੂੰ ਬਠਿੰਡਾ ਵਿਖੇ ਬਿਨਾਂ ਵਜ੍ਹਾ ਗ੍ਰਿਫਤਾਰ ਕਰਨ ਅਤੇ ਉਨ੍ਹਾਂ 'ਤੇ ਤਸ਼ੱਦਦ ਕਰਨ ਦੇ ਵਿਰੋਧ 'ਚ ਅੱਜ ਬਲਾਕ ਆਂਗਣਵਾੜੀ ਯੂਨੀਅਨ ਸੁਲਤਾਨਪੁਰ ਲੋਧੀ ਨੇ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਤੇ ਤਲਵੰਡੀ ਪੁਲ ਚੌਕ 'ਤੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕਰਦਿਆਂ ਕੈਪਟਨ ਸਰਕਾਰ ਦਾ ਪੁਤਲਾ ਵੀ ਫੂਕਿਆ। 
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮਨਜੀਤ ਕੌਰ ਨੇ ਕਿਹਾ ਕਿ ਸਰਕਾਰ ਡੰਡੇ ਦੇ ਜ਼ੋਰ ਅਤੇ ਪੁਲਸ ਰਾਹੀਂ ਆਂਗਣਵਾੜੀ ਮੁਲਾਜ਼ਮਾਂ ਅਤੇ ਹੈਲਪਰਾਂ ਦੇ ਹੱਕਾਂ ਦੀ ਆਵਾਜ਼ ਨੂੰ ਦਬਾਅ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਇਕ ਲੋਕਤੰਤਰਕ ਦੇਸ਼ ਹੈ, ਜਿਸ 'ਚ ਹਰੇਕ ਇਨਸਾਨ, ਜਥੇਬੰਦੀ ਨੂੰ ਰੋਸ ਕਰਨ ਦਾ ਅਧਿਕਾਰ ਹੈ, ਜੋ ਸਰਕਾਰ ਕਿਸੇ ਵੀ ਕੀਮਤ 'ਤੇ ਸਾਡੇ ਤੋਂ ਖੋ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਬੀਤੇ 94 ਦਿਨਾਂ ਤੋਂ ਆਂਗਣਵਾੜੀ ਵਰਕਰ ਆਪਣਾ ਹੱਕ ਲੈਣ ਲਈ ਸੰਘਰਸ਼ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਇਸ ਗੂੰਗੀ ਤੇ ਬੋਲ਼ੀ ਸਰਕਾਰ ਦੇ ਕੰਨਾਂ 'ਚ ਆਵਾਜ਼ ਨਹੀਂ ਪਹੁੰਚ ਰਹੀ ਹੈ। 
ਸਰਕਾਰ ਆਂਗਣਵਾੜੀ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ ਤੇ ਉਨ੍ਹਾਂ ਨੂੰ ਸਿਰਫ ਫੋਕੇ ਲਾਰਿਆਂ 'ਤੇ ਟਰਕਾ ਕੇ ਆਪਣਾ ਸਮਾਂ ਲੰਘਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਨੀਤੀ ਵਿਰੁੱਧ ਅਸੀਂ ਇੱਟ ਨਾਲ ਇੱਟ ਖੜਕਾ ਕੇ ਦੇਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਪੁਲਸ ਰਾਹੀਂ ਜਿੰਨਾ ਮਰਜ਼ੀ ਮੁਲਾਜ਼ਮਾਂ 'ਤੇ ਤਸ਼ੱਦਦ ਕਰ ਲਵੇ ਪਰ ਹੁਣ ਇਹ ਸੰਘਰਸ਼ ਕਿਸੇ ਵੀ ਹਾਲਤ 'ਚ ਪਿੱਛੇ ਨਹੀਂ ਪਵੇਗਾ। 
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇ ਪੁਲਸ ਨੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਨਾ ਛੱਡਿਆ ਤੇ ਉਨ੍ਹਾਂ ਦੇ ਦਰਜ ਕੀਤੇ ਝੂਠੇ ਕੇਸਾਂ ਨੂੰ ਰੱਦ ਨਾ ਕੀਤਾ ਤਾਂ ਸਮੂਹ ਆਂਗਣਵਾੜੀ ਵਰਕਰ ਤੇ ਹੈਲਪਰਾਂ 'ਤੇ ਤਿੱਖਾ ਸੰਘਰਸ਼ ਵਿੱਢਣ ਤੋਂ ਵੀ ਪਿੱਛੇ ਨਹੀਂ ਹਟਣਗੀਆਂ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਆਂਗਣਵਾੜੀ ਵਰਕਰਾਂ ਨੇ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਮਾਹੌਲ 'ਚ ਹੋਰ ਗਰਮਾਹਟ ਵੀ ਲਿਆ ਦਿੱਤੀ। ਇਸ ਮੌਕੇ ਰਣਜੀਤ ਕੌਰ ਦੀਪੇਵਾਲ, ਜਤਿੰਦਰ ਕੌਰ ਪਰਮਜੀਤਪੁਰ, ਸਵਿਤਾ ਤਲਵੰਡੀ, ਹਰਬਿੰਦਰ ਕੌਰ ਟਿੱਬਾ, ਜਸਵਿੰਦਰ ਕੌਰ ਡਡਵਿੰਡੀ, ਸੁਖਵਿੰਦਰ ਕੌਰ ਡੱਲਾ, ਕੁਲਵਿੰਦਰ ਕੌਰ ਬੂਸੋਵਾਲ, ਰਜਿੰਦਰਪਾਲ ਕੌਰ, ਰਣਜੀਤ ਕੌਰ, ਕਾਂਤਾ, ਜਯੋਤੀ, ਰਜਨੀ, ਸੁਰਿੰਦਰ, ਨਰਿੰਦਰ, ਬਲਜਿੰਦਰ, ਰਣਜੀਤ ਕੌਰ ਮਾਛੀਜੋਆ ਆਦਿ ਵੱਡੀ ਗਿਣਤੀ 'ਚ ਵਰਕਰ ਤੇ ਹੈਲਪਰ ਹਾਜ਼ਰ ਸਨ।


Related News