ਆਂਗਣਵਾੜੀ ਵਰਕਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

03/16/2018 12:20:04 PM

ਭਵਾਨੀਗੜ੍ਹ (ਅੱਤਰੀ/ਸੋਢੀ, ਵਿਕਾਸ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬਲਾਕ ਪ੍ਰਧਾਨ ਛਤਰਪਾਲ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਵੱਡੇ-ਵੱਡੇ ਨਾਅਰੇ ਲਾਉਂਦੀ ਹੈ ਪਰ ਦੂਸਰੇ ਪਾਸੇ ਜਿਹੜੀਆਂ ਬੇਟੀਆਂ 40-45 ਸਾਲ ਪਹਿਲਾਂ ਸਾਡੇ ਮਾਪਿਆਂ ਨੇ ਬਚਾ ਵੀ ਲਈਆਂ ਅਤੇ ਪੜ੍ਹਾ ਵੀ ਦਿੱਤੀਆਂ ਅਤੇ ਅੱਜ ਉਨ੍ਹਾਂ ਦੀਆਂ ਨੌਕਰੀਆਂ ਖਤਮ ਕਰ ਕੇ ਬੇਕਦਰੀ ਕੀਤੀ ਜਾ ਰਹੀ ਹੈ। ਪ੍ਰਧਾਨ ਛਤਰਪਾਲ ਕੌਰ ਅਤੇ ਰਣਜੀਤ ਕੌਰ ਚੰੰਨੋਂ ਨੇ ਕਿਹਾ ਕਿ ਜਦੋਂ ਦੀ ਕੈਪਟਨ ਸਰਕਾਰ ਆਈ ਹੈ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਨੇ ਆਈ. ਸੀ. ਡੀ. ਐੱਸ .ਸਕੀਮ ਨੂੰ ਵੱਡਾ ਖੋਰਾ ਲਾਇਆ ਹੈ।
ਅੱਜ ਪੰਜਾਬ ਦੀਆਂ ਬੇਟੀਆਂ ਸੜਕਾਂ 'ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ ਅਤੇ ਬੇਟੀ ਬਚਾਓ ਦਾ ਨਾਅਰਾ ਦੇਣ ਵਾਲੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਆਂਗਣਵਾੜੀ ਆਗੂਆਂ ਨੇ ਕਿਹਾ ਕਿ ਜਿਹੜੇ ਅਸੀਂ ਬੱਚਿਆਂ ਦੀ ਸਾਂਭ-ਸੰਭਾਲ ਕਰਦੇ ਸੀ, ਉਹ ਵੀ ਸਾਡੇ ਤੋਂ ਖੋਹ ਕੇ ਪ੍ਰੀ ਨਰਸਰੀ ਕਲਾਸਾਂ ਵਿਚ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡੇ ਰੋਜ਼ਗਾਰ ਨੂੰ ਪੱਕਾ ਤਾਂ ਕੀ ਕਰਨਾ ਸੀ, ਉਲਟਾ ਸਾਨੂੰ ਮਿਲ ਰਿਹਾ ਮਾਣ-ਭੱਤਾ ਵੀ ਖੋਹ ਲਿਆ ਹੈ। ਸਾਡੇ ਚੁੱਲ੍ਹੇ ਬਿਲਕੁਲ ਠੰਡੇ ਹੋ ਗਏ ਹਨ। ਅੱਜ ਅਸੀਂ ਸਮੁੱਚੀਆਂ ਆਂਗਣਵਾੜੀ ਵਰਕਰਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੀ 20 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋ ਰਹੇ ਸੈਸ਼ਨ ਵਿਚ ਘਿਰਾਓ ਕਰ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। 
ਇਸ ਸਮੇਂ ਪ੍ਰਧਾਨ ਛਤਰਪਾਲ ਕੌਰ, ਰਣਜੀਤ ਕੌਰ ਚੰਨੋਂ, ਰਾਜ ਰਾਣੀ, ਕੁਲਵੀਰ ਕੌਰ ਸਰਕਲ ਆਗੂ ਬਲਿਆਲ, ਕਮਲਜੀਤ ਕੌਰ, ਅਮਨਦੀਪ ਕੌਰ ਸਰਕਲ ਆਗੂ ਚੰਨੋਂ, ਕਰਮਜੀਤ ਕੌਰ, ਪਰਮਜੀਤ ਕੌਰ ਸਰਕਲ ਆਗੂ ਮਾਝੀ, ਜਸਪ੍ਰੀਤ ਕੌਰ ਅਤੇ ਅਮਰੀਕ ਕੌਰ ਸਰਕਲ ਆਗੂ ਸਕਰੌਂਦੀ ਨੇ ਵੀ ਸੰਬੋਧਨ ਕੀਤਾ।


Related News