ਆਂਗਣਵਾੜੀ ਮੁਲਾਜ਼ਮਾਂ ਨੇ ਸਾੜੀ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀ ਅਰਥੀ

Monday, Mar 26, 2018 - 06:26 AM (IST)

ਆਂਗਣਵਾੜੀ ਮੁਲਾਜ਼ਮਾਂ ਨੇ ਸਾੜੀ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੀ ਅਰਥੀ

ਬਾਲਿਆਂਵਾਲੀ,   (ਸ਼ੇਖਰ)-  ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਦੇ ਰੋਸ ਵਜੋਂ ਅੱਜ ਆਲ ਪੰਜਾਬ ਆਂਗਣਵਾੜੀ ਯੂਨੀਅਨ ਸਰਕਲ ਮੰਡੀ ਕਲਾਂ ਵੱਲੋਂ ਪ੍ਰਧਾਨ ਅਮਰਜੀਤ ਕੌਰ ਰਾਮਨਵਾਸ ਦੀ ਅਗਵਾਈ ਹੇਠ ਮੰਡੀ ਕਲਾਂ ਦੇ ਬੱਸ ਸਟੈਂਡ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਵਰਕਰਾਂ ਨੇ ਸਰਕਾਰ ਦਾ ਪਿੱਟ-ਸਿਆਪਾ ਕਰਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਅਤੇ ਪਿੰਡ ਵਿਚ ਰੋਸ ਮਾਰਚ ਕੱਢਿਆ। ਇਸ ਸਮੇਂ ਬਲਾਕ ਪ੍ਰਧਾਨ ਕਿਰਪਾਲ ਕੌਰ ਭੂੰਦੜ ਨੇ ਕਿਹਾ ਕਿ ਚੋਣਾਂ ਦੌਰਾਨ ਕੈਪਟਨ ਨੇ ਆਂਗਣਵਾੜੀ ਮੁਲਾਜ਼ਮਾਂ ਦੀਆਂ ਵੋਟਾਂ ਲੈਣ ਖਾਤਿਰ ਜੋ ਵਾਅਦੇ ਕੀਤੇ ਸਨ ਉਹ ਝੂਠ ਦਾ ਪੁਲੰਦਾ ਸਾਬਿਤ ਹੋਏ। ਹੁਣ ਸਰਕਾਰ ਬਣਨ ਪਿੱਛੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਸੰਘਰਸ਼ ਹੋਰ ਤਿੱਖਾ ਕਰੇਗੀ ਅਤੇ 26 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਉ ਕਰਨ ਲਈ ਸਰਕਲ ਮੰਡੀ ਕਲਾਂ ਤੋਂ ਭਾਰੀ ਗਿਣਤੀ 'ਚ ਵਰਕਰਾਂ ਤੇ ਹੈਲਪਰਾਂ ਚੰਡੀਗੜ੍ਹ ਪਹੁੰਚਣਗੀਆਂ । ਇਸ ਮੌਕੇ ਕਰਮਜੀਤ ਕੌਰ ਢੱਡੇ, ਸੁਖਜੀਤ ਕੌਰ ਰਾਮਨਿਵਾਸ, ਸੰਤੋਸ਼ ਮੰਡੀਕਲਾਂ, ਕੁਲਦੀਪ ਕੌਰ ਮੰਡੀਕਲ਼ਾਂ, ਹਰਜਿੰਦਰ ਕੌਰ, ਸੁਖਵਿੰਦਰ ਕੌਰ ਸੂਚ ਸਣੇ ਵੱਡੀ ਗਿਣਤੀ 'ਚ ਆਂਗਣਵਾੜੀ ਮੁਲਾਜ਼ਮਾਂ ਹਾਜ਼ਰ ਸਨ।
ਬਠਿੰਡਾ, (ਪਰਮਿੰਦਰ)-ਇਸੇ ਤਰ੍ਹਾਂ ਪਿਛਲੇ 56 ਦਿਨਾਂ ਤੋਂ ਵਿੱਤ ਮੰਤਰੀ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਬੈਠੀਆਂ ਆਂਗਣਵਾੜੀ ਮੁਲਾਜ਼ਮਾਂ ਨੇ ਐਤਵਾਰ ਨੂੰ ਹਨੂਮਾਨ ਚੌਕ ਤਕ ਰੋਸ ਮਾਰਚ ਕੀਤਾ ਅਤੇ ਚੌਕ ਵਿਚ ਵਿੱਤ ਮੰਤਰੀ ਦਾ ਪੁਤਲਾ ਫੂਕਿਆ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਅਗਵਾਈ ਵਿਚ ਵਿੱਤ ਮੰਤਰੀ ਅਤੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਂਗਣਵਾੜੀ ਮੁਲਾਜ਼ਮਾਂ ਨੇ ਕਿਹਾ ਕਿ ਲੋਕਾਂ ਦੇ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਵਿਚ ਆਈ ਕਾਂਗਰਸ ਸਰਕਾਰ ਨੇ ਹੁਣ ਸਾਰੇ ਵਾਅਦਿਆਂ ਨੂੰ ਵਿਸਾਰ ਦਿੱਤਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਹਰਿਆਣਾ ਦੀ ਤਰਜ਼ 'ਤੇ ਵਰਕਰਾਂ ਨੂੰ 10 ਹਜ਼ਾਰ ਅਤੇ ਹੈਲਪਰਾਂ ਨੂੰ 5 ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਵੇ, ਬਕਾਏ ਜਾਰੀ ਕੀਤੇ ਜਾਣ ਅਤੇ ਆਂਗਣਵਾੜੀ ਕੇਂਦਰਾਂ ਵਿਚ ਰਾਸ਼ਨ ਦੀ ਆਮਦ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜਦ ਤਕ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਤਕ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਸਪਾਲ ਕੌਰ, ਕਿਰਨਜੀਤ ਕੌਰ, ਹਰਜਿੰਦਰ ਕੌਰ, ਨਿਰਮਲ ਕੌਰ ਝੁਨੀਰ, ਪਰਮਿੰਦਰ ਕੌਰ, ਜਸਪਾਲ ਕੌਰ ਬਹਿਣੀਵਾਲ, ਰੁਪਿੰਦਰ ਕੌਰ, ਸਤਪਾਲ ਕੌਰ, ਬਲਜੀਤ ਕੌਰ, ਨਿਰਲੇਪ ਕੌਰ ਆਦਿ ਹਾਜ਼ਰ ਸਨ। 


Related News