ਆਂਗਣਵਾੜੀ ਮੁਲਾਜ਼ਮ ਜ਼ਿਮਨੀ ਚੋਣਾਂ ਦੌਰਾਨ ਮੰਗਾਂ ਲਈ ਛੇੜਨਗੇ ਅੰਦੋਲਨ

Wednesday, Oct 02, 2019 - 02:11 PM (IST)

ਆਂਗਣਵਾੜੀ ਮੁਲਾਜ਼ਮ ਜ਼ਿਮਨੀ ਚੋਣਾਂ ਦੌਰਾਨ ਮੰਗਾਂ ਲਈ ਛੇੜਨਗੇ ਅੰਦੋਲਨ

ਚੰਡੀਗੜ੍ਹ (ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ 'ਕੌਫੀ ਵਿਦ ਕੈਪਟਨ' ਪ੍ਰੋਗਰਾਮ 'ਚ ਆਂਗਣਵਾੜੀ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਜਿਹੜੀ ਸਰਕਾਰ ਘੱਟੋ-ਘੱਟ ਉਜਰਤ ਨਹੀਂ ਦਿੰਦੀ, ਉਹ ਸਭ ਤੋਂ ਵੱਡਾ ਗੁਨਾਹ ਕਰਦੀ ਹੈ। ਜੇਕਰ ਪੰਜਾਬ 'ਚ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਆਂਗਣਵਾੜੀ ਵਰਕਰਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਪਰ ਕੈਪਟਨ ਸਰਕਾਰ ਨੇ ਸੱਤਾ 'ਚ ਆਉਂਦੇ ਹੀ ਆਂਗਣਵਾੜੀ ਕੇਂਦਰਾਂ ਦੀ ਨੁਹਾਰ ਬਦਲ ਕੇ ਉਜਾੜ ਵਰਗਾ ਮਾਹੌਲ ਬਣਾ ਦਿੱਤਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਅਤੇ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਮੰਗਾਂ ਲਾਗੂ ਕਰਵਾਉਣ ਲਈ ਅੰਦੋਲਨ ਦਾ ਐਲਾਨ ਕੀਤਾ, ਜਿਸ ਦੀ ਸ਼ੁਰੂਆਤ ਜ਼ਿਮਨੀ ਚੋਣਾਂ ਦੌਰਾਨ ਰੋਸ ਰੈਲੀਆਂ ਨਾਲ ਕੀਤੀ ਜਾਵੇਗੀ।

3 ਅਤੂਬਰ ਨੂੰ ਮੁਕੇਰੀਆਂ, 5 ਨੂੰ ਫਗਵਾੜਾ, 10 ਨੂੰ ਦਾਖਾ ਅਤੇ 12 ਅਕਤੂਬਰ ਨੂੰ ਜਲਾਲਾਬਾਦ ਵਿਖੇ ਵਿਸ਼ਾਲ ਰੋਸ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ। ਆਂਗਣਵਾੜੀ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੰਬੇ ਸੰਘਰਸ਼ਾਂ ਸਦਕਾ ਜੋ ਮਾਣ-ਭੱਤੇ 'ਚ ਵਾਧਾ ਕੀਤਾ ਗਿਆ ਸੀ, ਜਿਸ 'ਚ 1500 ਰੁਪਏ ਆਂਗਣਵਾੜੀ ਵਰਕਰ, 1250 ਮਿੰਨੀ ਵਰਕਰ ਅਤੇ 750 ਰੁਪਏ ਹੈਲਪਰ ਦੇ ਮਾਣ-ਭੱਤੇ 'ਚ ਵਾਧੇ ਦਾ ਐਲਾਨ ਕੀਤਾ ਗਿਆ ਸੀ ਅਤੇ ਕੇਂਦਰ ਸਰਕਾਰ ਵਲੋਂ ਆਪਣਾ 60% ਹਿੱਸਾ ਜਾਰੀ ਵੀ ਕਰ ਦਿੱਤਾ ਗਿਆ ਹੈ ਪਰ ਪੰਜਾਬ ਸਰਕਾਰ ਨੇ ਇਹ ਕਹਿ ਕੇ ਹਿੱਸਾ ਕੱਟ ਲਿਆ ਹੈ ਕਿ ਪੰਜਾਬ ਪਹਿਲਾਂ ਹੀ ਆਪਣੇ ਹਿੱਸੇ ਨਾਲੋਂ ਵੱਧ ਦੇ ਰਿਹਾ ਹੈ।


author

Anuradha

Content Editor

Related News