ਸੜਕ ਤੋਂ ਉੱਚੀ ਉਸਾਰੀ ਗਲੀ ਦੇ ਰਹੀ ਏ ਹਾਦਸਿਆਂ ਨੂੰ ਸੱਦਾ

Wednesday, Nov 22, 2017 - 06:12 AM (IST)

ਸੜਕ ਤੋਂ ਉੱਚੀ ਉਸਾਰੀ ਗਲੀ ਦੇ ਰਹੀ ਏ ਹਾਦਸਿਆਂ ਨੂੰ ਸੱਦਾ

ਨਵਾਂਸ਼ਹਿਰ, (ਮਹਿਤਾ)- ਬਰਨਾਲਾ ਕਲਾਂ ਵਿਖੇ ਉਸਾਰੀ ਜਾ ਰਹੀ ਗਲੀ ਪੁਰਾਣੀ ਸੜਕ ਤੋਂ ਉੱਚੀ ਹੋਣ ਕਾਰਨ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਅਤੇ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਰ ਕੇ ਪਾਣੀ ਘਰਾਂ 'ਚ ਜਾ ਸਕਦਾ ਹੈ।
ਇਸ ਸਬੰਧੀ ਪਿੰਡ ਵਾਸੀ ਗੁਰਿੰਦਰ ਸਿੰਘ ਜੌਹਲ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਪਿੰਡ 'ਚ ਬੀ.ਡੀ.ਪੀ.ਓ. ਦਫ਼ਤਰ ਵੱਲੋਂ ਉਸਾਰੀ ਜਾ ਰਹੀ ਗਲੀ ਪੁਰਾਣੀ ਮੰਡੀ ਬੋਰਡ ਦੀ ਸੜਕ ਤੋਂ ਕਰੀਬ 6-7 ਇੰਚ ਉੱਚੀ ਹੋਣ ਕਰ ਕੇ ਦੋਪਹੀਆ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਗਲੀ ਦੀ ਉਸਾਰੀ ਸਮੇਂ ਪਾਣੀ ਦੀ ਨਿਕਾਸੀ ਦੇ ਵੀ ਢੁੱਕਵੇਂ ਪ੍ਰਬੰਧ ਨਹੀ ਹਨ, ਜਿਸ ਕਰ ਕੇ ਪਾਣੀ ਉਨ੍ਹਾਂ ਦੇ ਘਰ ਅਤੇ ਨਾਲ ਲਗਦੇ ਖੇਤਾਂ 'ਚ ਦਾਖਲ ਹੋ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਮਾਲੀ ਨੁਕਸਾਨ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਪਾਣੀ ਸੜਕ 'ਤੇ ਆਉਣ ਕਾਰਨ ਸੜਕ ਵੀ ਛੇਤੀ ਖਰਾਬ ਹੋ ਜਾਵੇਗੀ। 
ਉਨ੍ਹਾਂ ਡੀ.ਸੀ. ਤੋਂ ਮੰਗ ਕੀਤੀ ਕਿ ਨਵੀਂ ਉਸਾਰੀ ਗਲੀ ਨੂੰ ਪੁਰਾਣੀ ਸੜਕ ਦੇ ਲੈਵਲ ਤੋਂ ਨੀਵਾਂ ਕਰ ਕੇ ਬਣਾਇਆ ਜਾਵੇ ਅਤੇ ਪਾਣੀ ਦੀ ਨਿਕਾਸੀ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਇਸ ਬਾਰੇ ਪਿੰਡ ਦੇ ਸਰਪੰਚ ਨਰਿੰਦਰ ਪਾਲ ਨੇ ਦੱਸਿਆ ਕਿ ਉਕਤ ਗਲੀ ਦੀ ਉਸਾਰੀ ਪੰਚਾਇਤ ਵੱਲੋਂ ਨਹੀਂ ਕਰਵਾਈ ਜਾ ਰਹੀ ਹੈ। ਇਹ ਮਾਮਲਾ ਉਨ੍ਹਾਂ ਵੱਲੋਂ ਬੀ.ਡੀ.ਪੀ.ਓ. ਦਫ਼ਤਰ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾਵੇਗਾ। 


Related News