ਨਕਲੀ ਨਿਹੰਗ ਬਾਣੇ ''ਚ ਇਕ ਇੰਟਰਨੈਸ਼ਨਲ ਜੇਬ ਕਤਰਾ ਗ੍ਰਿਫਤਾਰ ਤੇ 1 ਫਰਾਰ

11/07/2017 3:10:52 AM

ਸੁਲਤਾਨਪੁਰ ਲੋਧੀ,   (ਧੀਰ)-  ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਕਲੀ ਨਿਹੰਗ ਸਿੰਘ ਦੇ ਬਾਣੇ 'ਚ ਸੂਬੇ ਦੇ ਗੁਰਪੁਰਬ ਮੌਕੇ ਲੋਕਾਂ ਦੀਆਂ ਜੇਬਾਂ ਸਾਫ ਕਰਨ ਵਾਲੇ ਇਕ ਇੰਟਰਨੈਸ਼ਨਲ ਜੇਬ ਕਤਰੇ ਨੂੰ ਸੰਗਤਾਂ ਦੀਆਂ ਜੇਬਾ ਕੱਟਣ ਤੇ ਪੁਲਸ ਮੁਲਾਜ਼ਮ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਇਕ ਮੁਲਜ਼ਮ ਫਰਾਰ ਹੋਣ 'ਚ ਸਫਲ ਹੋ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਪੁਰਬ ਮੌਕੇ ਨਗਰ ਕੀਰਤਨ 'ਚ ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ ਦੇ ਹੁਕਮਾਂ 'ਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਰੋਕਣ ਵਾਸਤੇ ਬਗੈਰ ਵਰਦੀ ਤੋਂ ਪੁਲਸ ਮੁਲਾਜ਼ਮ ਡਿਊਟੀ ਦਿੰਦੇ ਹੋਏ ਨਗਰ ਕੀਰਤਨ ਦੇ ਨਾਲ-ਨਾਲ ਜਾ ਰਹੇ ਸਨ ਤਾਂ ਜਦੋਂ ਨਗਰ ਕੀਰਤਨ ਸ਼ਾਮ ਨੂੰ ਸਾਢੇ 6 ਵਜੇ ਦੇ ਕਰੀਬ ਮੁਹੱਲਾ ਪੰਡੋਰੀ ਬੋਹੜ ਵਾਲੇ ਚੌਕ ਦੇ ਨਜ਼ਦੀਕ ਪੁੱਜਾ ਤਾਂ ਡਿਊਟੀ 'ਤੇ ਸਿਪਾਹੀ ਸੰਦੀਪ ਸਿੰਘ ਤੇ ਉਸਦੇ ਨਾਲ ਹੋਰ ਦੋ ਪੁਲਸ ਮੁਲਾਜ਼ਮ ਹਰਿੰਦਰ ਸਿੰਘ ਤੇ ਸਰਬਜੀਤ ਸਿੰਘ ਵੀ ਸਨ ਤਾਂ ਉਨ੍ਹਾਂ ਵੇਖਿਆ ਕਿ ਪਾਲਕੀ ਸਾਹਿਬ ਦੇ ਨਜ਼ਦੀਕ ਇਕ ਨਿਹੰਗ ਸਿੰਘ ਤੇ ਇਕ ਹੋਰ ਉਸ ਦੇ ਨਾਲ ਦਾ ਸਾਥੀ ਜੇਬਾਂ ਕੱਟਦੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਪੁਲਸ ਮੁਲਾਜ਼ਮਾਂ ਨੇ ਕਾਬੂ ਕੀਤਾ ਤਾਂ ਉਨ੍ਹਾਂ 'ਚ ਇਕ ਨਿਹੰਗ ਨੇ ਪੁਲਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਉਸ ਉਪਰ ਕਿਰਪਾਨ ਨਾਲ ਵਾਰ ਕੀਤੇ ਤੇ ਆਪਣੇ ਆਪ ਨੂੰ ਛੁਡਾ ਕੇ ਦੌੜ ਗਏ। 
ਜ਼ਖਮੀ ਹਾਲਤ 'ਚ ਪੁਲਸ ਮੁਲਾਜ਼ਮ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ, ਜਿਸ ਦੇ ਬਿਆਨਾਂ ਦੇ ਆਧਾਰ 'ਤੇ ਅੱਜ ਇਕ ਮੁਲਾਜ਼ਮ ਨੂੰ ਏ. ਐੱਸ. ਆਈ. ਕਿਰਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕਰ ਲਈ, ਜਦਕਿ ਦੂਸਰਾ ਮੁਲਾਜ਼ਮ ਫਰਾਰ ਹੋਣ 'ਚ ਸਫਲ ਹੋ ਗਿਆ। ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਹਰੇਕ ਗੁਰਪੁਰਬ ਮੌਕੇ ਨਗਰ ਕੀਰਤਨ 'ਚ ਸੰਗਤਾਂ ਦੀਆਂ ਜੇਬਾਂ ਕੱਟਣ ਲਈ ਨਿਹੰਗ ਦੇ ਨਕਲੀ ਬਾਣੇ 'ਚ ਪਹੁੰਚ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਉਕਤ ਫੜੇ ਗਏ ਮੁਲਜ਼ਮ ਅਮਨਦੀਪ ਸਿੰਘ ਉਰਫ ਮੰਨਾ ਪੁੱਤਰ ਸਵਰਨ ਸਿੰਘ ਵਾਸੀ ਤਰਨਤਾਰਨ ਰੋਡ ਗਲੀ ਨੰ: 1 ਅੰਮ੍ਰਿਤਸਰ ਤੇ ਗੋਚਾ ਨਿਹੰਗਾਂ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਖਿਲਾਫ ਪੁਲਸ ਮੁਲਾਜ਼ਮ 'ਤੇ ਜਾਨਲੇਵਾ ਹਮਲਾ, ਸਰਕਾਰੀ ਡਿਊਟੀ 'ਚ ਵਿਘਨ ਪਾਉਣ ਤੇ ਲੋਕਾਂ ਦੀਆਂ ਜੇਬਾਂ ਕੱਟਣ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਏ. ਐੱਸ. ਆਈ. ਕਿਰਪਾਲ ਸਿੰਘ, ਏ. ਐੱਸ. ਆਈ. ਬਲਕਾਰ ਸਿੰਘ, ਐੱਚ. ਸੀ. ਕੁਲਵੰਤ ਸਿੰਘ, ਐੱਚ. ਸੀ. ਅਮਰਜੀਤ ਸਿੰਘ ਰੀਡਰ, ਐੱਚ. ਸੀ. ਹਰਜਿੰਦਰ ਸਿੰਘ ਤੇ ਪੀ. ਜੀ. ਲਹਿੰਬਰ ਦਾਸ ਵੀ ਹਾਜ਼ਰ ਸਨ।


Related News