ਡੇਰਾ ਰਾਧਾ ਸੁਆਮੀ ਬਿਆਸ ਦੀ ਪਹਿਲਕਦਮੀ

Thursday, Jan 16, 2025 - 12:49 PM (IST)

ਡੇਰਾ ਰਾਧਾ ਸੁਆਮੀ ਬਿਆਸ ਦੀ ਪਹਿਲਕਦਮੀ

ਬਾਬਾ ਬਕਾਲਾ ਸਾਹਿਬ (ਰਾਕੇਸ਼)- ਜਦੋਂ ਵੀ ਕਦੇ ਕਿਸੇ ਵੀ ਸੂਬੇ ਨੂੰ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪੈਦਾ ਹੈ ਤਾਂ ਉਸ ਵੇਲੇ ਹਮੇਸ਼ਾ ਹੀ ਅਜਿਹੇ ਪੀੜਤ ਲੋਕਾਂ ਦੀ ਮਦਦ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਹੀ ਪਹਿਲਕਦਮੀ ਕਰਦਾ ਨਜ਼ਰ ਆਉਂਦਾ ਹੈ। ਹੁਣ ਵੀ ਜ਼ਿਲ੍ਹਾ ਅੰਮ੍ਰਿਤਸਰ ਵਿਚਲੇ ਕਰੀਬ 6 ਹਜ਼ਾਰ ਟੀ. ਬੀ. ਦੇ ਮਰੀਜ਼ਾਂ ਨੂੰ ਪ੍ਰੋਟੀਨ ਭਰਪੂਰ ਖਾਣਾ ਵੀ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਪ੍ਰਦਾਨ ਕਰਵਾਇਆ ਜਾ ਰਿਹਾ ਹੈ। ਡੇਰਾ ਬਿਆਸ ਦੇ ਸੇਵਾਦਾਰਾਂ ਵੱਲੋਂ ਸ਼ੁੱਧ ਭੋਜਨ ਤਿਆਰ ਕਰ ਕੇ ਅਤੇ ਉਸਨੂੰ ਪੈਕਲੰਚ ਵਜੋਂ ਤਿਆਰ ਕਰ ਕੇ ਬਿਨਾਂ ਕਿਸੇ ਭੇਦਭਾਵ ਦੇ ਜ਼ਿਲ੍ਹੇ ਵਿਚਲੇ ਟੀ. ਬੀ. ਮਰੀਜ਼ਾਂ ਦੇ ਘਰ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ ਅਤੇ ਇਹ ਸੇਵਾ ਡੇਰਾ ਬਿਆਸ ਦੇ ਪੈਰੋਕਾਰਾਂ ਵੱਲੋਂ ਹੀ ਬਾਖੂਬੀ ਨਿਭਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖ਼ਬਰ, ਲੋਕਾਂ ਨੂੰ ਮਿਲੇਗੀ ਰਾਹਤ

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਜੇਕਰ ਟੀ. ਬੀ. ਦੇ ਮਰੀਜ਼ਾਂ ਨੂੰ ਸ਼ੁੱਧ ਅਤੇ ਪ੍ਰੋਟੀਨ ਭਰਪੂਰ ਖਾਣਾ ਦਿੱਤਾ ਜਾਵੇ ਤਾਂ ਅਜਿਹੇ ਮਰੀਜ਼ ਜਲਦ ਸਿਹਤਯਾਬ ਹੋ ਸਕਦੇ ਹਨ।ਡੇਰਾ ਬਿਆਸ ਵੱਲੋਂ ਡਿਪਟੀ ਕਮਿਸ਼ਨਰ ਦੀ ਇਹ ਬੇਨਤੀ ਸਵੀਕਾਰ ਕਰਦਿਆਂ ਇਸ ਯੋਜਨਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿਚ ਲਾਗੂ ਕੀਤਾ ਹੈ ਅਤੇ ਅਜੇ ਤੱਕ ਇਹ ਸੇਵਾ ਨਿਸ਼ਕਾਮ ਜਾਰੀ ਹੈ। ਇਸ ਖਾਣੇ ਦੇ ਪੈਕੇਟ ਵਿਚ ਰੋਟੀ, ਦਾਲ, ਖਿਚੜੀ, ਸਬਜ਼ੀ ਤੇ ਦਲੀਆ ਆਦਿ ਸ਼ਾਮਲ ਕੀਤਾ ਜਾਦਾ ਹੈ ਅਤੇ ਇਹ ਖਾਣਾ ਮਰੀਜ਼ ਨੂੰ ਸਵੇਰੇ ਸ਼ਾਮ ਅਤੇ ਉਸਦੇ ਘਰ ਪੁੱਜਦਾ ਕੀਤਾ ਜਾਂਦਾ ਹੈ। ਇਥੇ ਹੀ ਬਸ ਨਹੀ ਡੇਰਾ ਬਿਆਸ ਦੇ ਪੈਰੋਕਾਰਾਂ ਵੱਲੋਂ ਮਰੀਜ਼ ਦੀ ਦੇਖਭਾਲ ਅਤੇ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਅਤੇ ਲੋੜ ਅਨੁਸਾਰ ਜਰੂਰਤਮੰਦਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਦਾ ਅਲਰਟ ਤੇ ਵਧੇਗੀ ਠੰਡ

ਡੇਰਾ ਬਿਆਸ ਵੱਲੋਂ ਨਿਭਾਈ ਜਾ ਰਹੀ ਇਹ ਸੇਵਾ ਦੀ ਵੱਖ-ਵੱਖ ਜਥੇਬੰਦੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਲਾਕਡਾਊਨ ਦੌਰਾਨ ਵੀ ਡੇਰਾ ਬਿਆਸ ਵੱਲੋਂ ਘਰ-ਘਰ ਪੈਕਲੰਚ ਵੰਡਣ ਅਤੇ ਹੋਰ ਸਮੱਗਰੀ ਆਦਿ ਪਹੁੰਚਾਉਣ ਦਾ ਵੀ ਉਪਰਾਲਾ ਕੀਤਾ ਗਿਆ ਸੀ ਅਤੇ ਇਸੇ ਤਰ੍ਹਾਂ ਹੀ ਕੋਰੋਨਾ ਕਾਲ ਦੌਰਾਨ ਵੀ ਡੇਰਾ ਬਿਆਸ ਨੇ ਦੇਸ਼ ਵਿਚਲੇ ਸਾਰੇ ਹੀ ਸਤਿਸੰਗ ਘਰਾਂ ਨੂੰ ਅਜਿਹੇ ਸੰਭਾਵੀ ਮਰੀਜ਼ਾਂ ਨੂੰ ਕੁਆਰਟਾਈਨ ਕਰਨ ਲਈ ਆਪਣੇ ਸਤਿਸੰਗ ਘਰਾਂ ਵਿਚ ਪਨਾਹ ਦਿਤੀ ਸੀ ਅਤੇ ਉਨ੍ਹਾਂ ਨੂੰ ਰੋਜ਼ਾਨਾ ਰੋਜ਼ਮਰਾ ਦੀ ਵਰਤੋਂ ’ਚ ਆਉਣ ਵਾਲੀਆ ਵਸਤੂਆਂ, ਦਵਾਈਆਂ, ਹਲਦੀ ਦਾ ਪਾਣੀ, ਮਾਸਕ, ਸੈਨੀਟਾਈਜ਼ਰ ਅਤੇ ਕੋਰੋਨਾ ਬੀਮਾਰੀ ਨਾਲ ਨਜਿੱਠਣ ਲਈ ਸਬੰਧਤ ਖੁਰਾਕ ਵੀ ਉਪਲੱਬਧ ਕਰਵਾਈ ਸੀ। ਇਸੇ ਕਰ ਕੇ ਅੱਜ ਵੀ ਡੇਰਾ ਬਿਆਸ ਦਾ ਨਾਮ ਹਰ ਜੁਬਾਨ ’ਤੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News