ਵਿਜੇ ਸਾਂਪਲਾ ਦੇ ਦਫ਼ਤਰ ''ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਏ. ਐੱਸ. ਆਈ. ਸਣੇ 7 ਗ੍ਰਿਫ਼ਤਾਰ

Saturday, Jul 01, 2017 - 11:55 PM (IST)

ਵਿਜੇ ਸਾਂਪਲਾ ਦੇ ਦਫ਼ਤਰ ''ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਏ. ਐੱਸ. ਆਈ. ਸਣੇ 7 ਗ੍ਰਿਫ਼ਤਾਰ

ਹੁਸ਼ਿਆਰਪੁਰ  (ਅਸ਼ਵਨੀ) - ਕੇਂਦਰੀ ਸਮਾਜ ਕਲਿਆਣ ਰਾਜ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦੇ ਸ਼ਾਲੀਮਾਰ ਨਗਰ 'ਚ ਸਥਿਤ ਦਫ਼ਤਰ 'ਤੇ ਬੀਤੀ ਰਾਤ ਕਬਜ਼ੇ ਦੀ ਕੋਸ਼ਿਸ਼ ਅਤੇ ਅੰਦਰ ਦਾਖ਼ਲ ਹੋ ਕੇ ਭੰਨ-ਤੋੜ ਕਰਨ ਦੇ ਦੋਸ਼ 'ਚ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 448, 427 ਤੇ 380 ਤਹਿਤ ਕੇਸ ਦਰਜ ਕੀਤਾ ਹੈ। ਸਾਂਪਲਾ ਦੇ ਪੀ. ਏ. ਭਾਰਤ ਭੂਸ਼ਨ ਵਰਮਾ ਦੀ ਸ਼ਿਕਾਇਤ 'ਤੇ ਇਹ ਕੇਸ ਪੰਜਾਬ ਪੁਲਸ ਦੇ ਇਕ ਏ. ਐੱਸ. ਆਈ. ਵਿਜੇ ਕੁਮਾਰ ਤੇ 30-40 ਹੋਰ ਵਿਅਕਤੀਆਂ ਖਿਲਾਫ਼ ਦਰਜ ਕੀਤਾ ਗਿਆ ਹੈ।
ਵਰਮਾ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਬੀਤੀ ਰਾਤ ਵਿਜੇ ਕੁਮਾਰ ਆਪਣੇ ਸਾਥੀਆਂ ਸਮੇਤ ਸ਼ਾਲੀਮਾਰ ਨਗਰ ਸਥਿਤ ਵਿਜੇ ਸਾਂਪਲਾ ਦੇ ਦਫ਼ਤਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਿਆਂ ਦਰਵਾਜ਼ੇ ਤੋੜ ਕੇ ਅੰਦਰ ਦਾਖ਼ਲ ਹੋ ਗਿਆ ਅਤੇ ਭੰਨ-ਤੋੜ ਕੀਤੀ। ਇਹ ਵੀ ਦੋਸ਼ ਲਾਇਆ ਗਿਆ ਕਿ ਭੰਨ-ਤੋੜ ਕਰਨ ਵਾਲਿਆਂ ਨੇ ਉਨ੍ਹਾਂ ਦੀਆਂ ਮੋਹਰਾਂ ਤੇ ਲੈਟਰਹੈੱਡ ਵੀ ਚੋਰੀ ਕਰ ਲਏ। ਵਰਮਾ ਨੇ ਕਿਹਾ ਕਿ ਉਹ ਬੀਤੀ ਸ਼ਾਮ ਕੋਠੀ ਨੂੰ ਤਾਲਾ ਲਾ ਕੇ ਚਲੇ ਗਏ ਸਨ। ਜਦੋਂ ਵਾਪਸ ਆ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਬਹੁਤ ਸਾਰੀਆਂ ਔਰਤਾਂ ਤੇ ਮਰਦ ਉਥੇ ਬੈਠੇ ਸਨ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਗੱਲ ਹੈ ਤਾਂ ਉਕਤ ਵਿਅਕਤੀਆਂ ਨੇ ਕਿਹਾ ਕਿ ਇਹ ਸਾਡੀ ਜਗ੍ਹਾ ਹੈ, ਇਥੋਂ ਸਾਮਾਨ ਚੁੱਕੋ ਤੇ ਚਲੇ ਜਾਵੋ।
ਮੌਕੇ 'ਤੇ ਪਹੁੰਚੇ ਉੱਚ ਅਧਿਕਾਰੀ-ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ, ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ, ਥਾਣਾ ਇੰਚਾਰਜ ਸਬ-ਇੰਸਪੈਕਟਰ ਕਮਲਜੀਤ ਸਿੰਘ, ਵਧੀਕ ਐੱਸ. ਐੱਚ. ਓ. ਰਾਕੇਸ਼ ਕੁਮਾਰ ਆਦਿ ਮੌਕੇ 'ਤੇ ਪਹੁੰਚ ਗਏ।
ਪੁਲਸ ਨੇ ਘਟਨਾ ਸਬੰਧੀ ਏ. ਐੱਸ. ਆਈ. ਵਿਜੇ ਕੁਮਾਰ ਵਾਸੀ ਪਿੰਡ ਨੰਗਲ ਬੂਰਾ ਥਾਣਾ ਬੁੱਲ੍ਹੋਵਾਲ ਜੋ ਪੀ. ਏ. ਪੀ. 'ਚ ਤਾਇਨਾਤ ਦੱਸਿਆ ਜਾਂਦਾ ਹੈ, ਉਸ ਦੀ ਪਤਨੀ ਰਾਜਵਿੰਦਰ ਕੌਰ, ਭਾਬੀ ਜਸਵਿੰਦਰ ਕੌਰ, ਪਿਤਾ ਬਖਸ਼ੀ ਰਾਮ, ਮਾਤਾ ਸੁਰਿੰਦਰ ਕੌਰ, ਬਖਸ਼ੀ ਰਾਮ ਦੇ ਰਿਸ਼ਤੇਦਾਰ ਕਿਰਪਾਲ ਸਿੰਘ ਅਤੇ ਉਸ ਦੀ ਪਤਨੀ ਦਲਵੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਬਾਕੀ ਦੋਸ਼ੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਕੀ ਹੈ ਵਿਵਾਦ
ਸ਼ਾਲੀਮਾਰ ਨਗਰ ਸਥਿਤ ਇਸ ਕੋਠੀ ਦਾ ਇਕ ਐੱਨ. ਆਰ. ਆਈ. ਔਰਤ ਹਰਜਿੰਦਰ ਕੌਰ ਨੇ ਸਾਂਪਲਾ ਨੂੰ ਕੇਅਰਟੇਕਰ ਬਣਾਇਆ ਸੀ, ਜਿਸ ਤਹਿਤ ਸ਼੍ਰੀ ਸਾਂਪਲਾ ਨੇ ਉਥੇ ਸਾਲ 2011-12 'ਚ ਆਪਣਾ ਦਫ਼ਤਰ ਬਣਾਇਆ ਸੀ। ਹਰਜਿੰਦਰ ਕੌਰ ਦੇ ਐੱਨ. ਆਰ. ਆਈ. ਪਤੀ ਵਿਜੇ ਕੁਮਾਰ ਟਾਂਡਾ ਨੇ ਇਸ ਕੋਠੀ ਸਬੰਧੀ ਪਾਵਰ ਆਫ ਅਟਾਰਨੀ ਏ. ਐੱਸ. ਆਈ. ਵਿਜੇ ਕੁਮਾਰ ਨੂੰ ਦਿੱਤੀ ਹੋਈ ਸੀ। ਪਤੀ-ਪਤਨੀ ਇਸ ਕੋਠੀ 'ਤੇ ਆਪੋ-ਆਪਣੇ ਦਾਅਵੇ ਜਤਾ ਰਹੇ ਸਨ। ਇਸ ਸਬੰਧੀ ਵਿਜੇ ਕੁਮਾਰ ਨੇ ਅਦਾਲਤ 'ਚ ਹਰਜਿੰਦਰ ਕੌਰ  ਖਿਲਾਫ਼ ਕੇਸ ਦਾਇਰ ਕੀਤਾ ਸੀ। ਇਸ ਕੇਸ ਨੂੰ ਫਰਵਰੀ 2017 'ਚ ਵਾਪਸ ਲੈਣ ਕਾਰਨ ਅਦਾਲਤ ਨੇ ਇਸ ਨੂੰ ਖਾਰਿਜ ਕਰ ਦਿੱਤਾ ਸੀ।


Related News