ਲੰਗਰ ਦੀ ਸੇਵਾ ਕਰ ਰਹੇ ਨੌਜਵਾਨ ਦੇ ਹੋਏ ਕਤਲ ਦੇ ਮਾਮਲੇ ''ਚ ਇਕ ਮੁਲਜ਼ਮ ਗ੍ਰਿਫ਼ਤਾਰ, ਨਹੀਂ ਵੇਖੀ ਜਾਂਦੀ ਰੋਂਦੀ ਮਾਂ
Sunday, Jan 07, 2024 - 06:11 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਪਿੰਡ ਤਲਵੰਡੀ ਸੱਲਾ ਵਿਚ ਨਗਰ ਕੀਰਤਨ ਦੌਰਾਨ ਦੁੱਧ ਦਾ ਲੰਗਰ ਲਗਾ ਕੇ ਸੇਵਾ ਕਰ ਰਹੇ ਨੌਜਵਾਨ ਸਾਹਿਲ ਨਾਲ ਰੰਜਿਸ਼ ਦੇ ਚਲਦਿਆਂ ਕੁੱਟਮਾਰ ਕਰਨ ਕਾਰਨ ਉਸ ਦੀ ਮੌਤ ਹੋ ਗਈ ਸੀ। ਕਤਲ ਦੇ ਇਸ ਮਾਮਲੇ ਵਿਚ 11 ਨੌਜਵਾਨਾਂ ਵਿੱਚੋਂ ਇਕ ਮੁਲਜ਼ਮ ਨੂੰ ਟਾਂਡਾ ਪੁਲਸ ਗ੍ਰਿਫ਼ਤਾਰ ਕਰ ਲਿਆ ਹੈ। ਐਡੀਸ਼ਨਲ ਐੱਸ. ਐੱਚ. ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਆਏ ਮੁਲਜ਼ਮ ਦੀ ਪਛਾਣ ਪਰਮਵੀਰ ਸਿੰਘ ਪੰਮਾ ਪੁੱਤਰ ਜਸਵੀਰ ਸਿੰਘ ਵਾਸੀ ਮਾਨਪੁਰ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮ ਅਭਿਸ਼ੇਕ ਅਭੀ ਪੁੱਤਰ ਰਣਜੀਤ ਸਿੰਘ ਵਾਸੀ ਤਲਵੰਡੀ ਸੱਲਾ, ਅੰਮ੍ਰਿਤਪਾਲ ਸਿੰਘ ਪੁੱਤਰ ਵਿਜੇ ਕੁਮਾਰ, ਆਸ਼ੂ ਉਰਫ ਅਸ਼ੀਸ਼ ਪੁੱਤਰ ਵਿਜੇ ਕੁਮਾਰ ਵਾਸੀ ਮਾਨਪੁਰ, ਲਾਡੀ ਪੁੱਤਰ ਕੁਲਦੀਪ ਵਾਸੀ ਤਲਵੰਡੀ ਸੱਲਾ, ਸ਼ਿਵ ਚਰਨਜੀਤ ਪੁੱਤਰ ਸਰਬਜੀਤ ਸਿੰਘ ਵਾਸੀ ਮਾਨਪੁਰ, ਦੀਪੂ ਉਰਫ਼ ਦੀਪ ਵਾਸੀ ਮਾਨਪੁਰ ਅਤੇ 4 ਹੋਰ ਅਣਪਛਾਤੀਆਂ ਦੀ ਭਾਲ ਲਈ ਵੱਖ ਵੱਖ ਟੀਮਾਂ ਇਲਾਕੇ ਵਿਚ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਸਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ।
ਇਹ ਵੀ ਪੜ੍ਹੋ : ਬਿਜਲੀ ਡਿਫ਼ਾਲਟਰਾਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿਕੰਜਾ, ਸਮਾਰਟ ਮੀਟਰ ਲੱਗਣ ਦੇ ਨਾਲ ਹੋ ਰਹੀ ਇਹ ਕਾਰਵਾਈ
ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਪਿੰਡ ਤਲਵੰਡੀ ਸੱਲਾ ਵਿਚ ਸ਼ੁੱਕਰਵਾਰ ਦੀ ਰਾਤ ਨਗਰ ਕੀਰਤਨ ਦੌਰਾਨ ਦੁੱਧ ਦਾ ਲੰਗਰ ਲਗਾ ਕੇ ਸੇਵਾ ਕਰ ਰਹੇ ਨੌਜਵਾਨ ਨਾਲ ਰੰਜਿਸ਼ ਦੇ ਚਲਦਿਆਂ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਦਾ ਕਾਰਨ ਬਣਨ ਵਾਲੇ 11 ਨੌਜਵਾਨਾਂ ਖ਼ਿਲਾਫ਼ ਟਾਂਡਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਸਾਹਿਲ ਦੇ ਰੂਪ ਵਿਚ ਹੋਈ ਹੈ, ਜੋ ਤਿੰਨ ਮਹੀਨੇ ਪਹਿਲਾਂ ਹੀ ਗ੍ਰੀਸ ਤੋਂ ਪਰਤਿਆ ਸੀ। ਪੁਲਸ ਨੇ ਇਹ ਮਾਮਲਾ ਕਤਲ ਕੀਤੇ ਗਏ ਨੌਜਵਾਨ ਦੇ ਪਿਤਾ ਕਸ਼ਮੀਰਾ ਲਾਲ ਪੁੱਤਰ ਬਚਨ ਰਾਮ ਵਾਸੀ ਪੱਤੀ ਤਲਵੰਡੀ ਸੱਲਾ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਸ਼ਮੀਰਾ ਲਾਲ ਨੇ ਦੱਸਿਆ ਕਿ 2021 ਵਰ੍ਹੇ ਵਿਚ ਉਸ ਦੇ ਪੁੱਤਰ ਦੀ ਮੁਲਜ਼ਮ ਆਸ਼ੂ ਨਾਲ ਤਕਰਾਰ ਹੋਈ ਸੀ ਅਤੇ ਉਸ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਵੀ ਉਸ ਨੇ ਤਕਰਾਰ ਕੀਤੀ ਸੀ। ਇਸੇ ਰੰਜਿਸ਼ ਦੇ ਚਲਦਿਆਂ ਉਸ ਨੇ ਆਪਣੇ ਸਾਥੀਆਂ ਨਾਲ ਉਸ ਦੇ ਪੁੱਤਰ ’ਤੇ ਸ਼ੁੱਕਰਵਾਰ ਰਾਤ ਕਰੀਬ ਉਸ ਵੇਲੇ ਹਮਲਾ ਕੀਤਾ ਜਦੋਂ ਉਸ ਦਾ ਪੁੱਤਰ ਆਪਣੇ ਭਰਾ ਗੌਰਵ ਨਾਲ ਪਿੰਡ ਵਿਚ ਹੀ ਗੁਰਮੀਤ ਸਿੰਘ ਦੀ ਵੈਲਡਿੰਗ ਦੀ ਦੁਕਾਨ ’ਤੇ ਨਗਰ ਕੀਰਤਨ ਦੀਆਂ ਸੰਗਤਾਂ ਲਈ ਦੁੱਧ ਦੇ ਲੰਗਰ ਦੀ ਸੇਵਾ ਕਰ ਰਿਹਾ ਸੀ।
ਇਹ ਵੀ ਪੜ੍ਹੋ : ਜਲੰਧਰ ਸ਼ਹਿਰ 'ਚ ਅਪਰਾਧ ਨੂੰ ਰੋਕਣ ਲਈ ਪੁਲਸ ਕਮਿਸ਼ਨਰ ਵੱਲੋਂ ਮਾਸਟਰ ਪਲਾਨ ਤਿਆਰ, ਦਿੱਤੀਆਂ ਇਹ ਹਦਾਇਤਾਂ
ਇਸ ਦੌਰਾਨ ਟਰੈਕਟਰ ਅਤੇ ਪੱਠਿਆਂ ਵਾਲੀ ਛੋਟੀ ਟਰਾਲੀ ’ਤੇ ਸਵਾਰ ਹੋ ਕੇ ਆਏ ਉਕਤ ਮੁਲਜ਼ਮਾਂ ਨੇ ਲੋਹੇ ਦੀ ਰਾਡ, ਬੇਸਬਾਲ ਆਦਿ ਹਥਿਆਰਾਂ ਨਾਲ ਉਸ ਦੇ ਪੁੱਤਰ ’ਤੇ ਹਮਲਾ ਕੀਤਾ। ਜਦੋਂ ਉਹ ਅਤੇ ਉਸ ਦਾ ਭਰਾ ਮਲਕੀਤ ਲਾਲ ਸਾਹਿਲ ਨੂੰ ਬਚਾਉਣ ਲਈ ਅੱਗੇ ਹੋਏ ਤਾਂ ਉਨ੍ਹਾਂ ’ਤੇ ਵੀ ਜਾਨਲੇਵਾ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਉਸ ਦੇ ਪੁੱਤਰ ਦਾ ਮੋਬਾਇਲ ਵੀ ਖੋਹ ਲਿਆ। ਇੰਨੇ ਨੂੰ ਸੰਗਤ ਦੇ ਇਕੱਠਾ ਹੋਣ ’ਤੇ ਸਾਰੇ ਹਮਲਾਵਰ ਉਥੋਂ ਫਰਾਰ ਹੋ ਗਏ। ਉਨ੍ਹਾਂ ਸਾਹਿਲ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ, ਜਿੱਥੇ ਸ਼ਨੀਵਾਰ ਸਵੇਰੇ ਉਸ ਦੀ ਮੌਤ ਹੋ ਗਈ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ. ਆਈ. ਦਲਜੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਦੌਰਾਨ ਵਾਰਦਾਤ ਦੌਰਾਨ ਹਮਲਾਵਰਾਂ ਦੀ ਸੀ. ਸੀ. ਟੀ. ਵੀ. ਫੁੱਟੇਜ ਦੇ ਆਧਾਰ ’ਤੇ ਵੀ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 4 ਦਿਨ ਦੇ ਮਰੇ ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕੱਢਣਾ ਪਿਆ ਬਾਹਰ, ਹਾਲਤ ਵੇਖ ਫੁੱਟ-ਫੁੱਟ ਕੇ ਰੋਈ ਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।