ਮਾਨਤਾ ਪ੍ਰਾਪਤ ਤੇ ਪੀਲਾ ਕਾਰਡ ਹੋਲਡਰ ਪੱਤਰਕਾਰਾਂ ਲਈ ਦੁਰਘਟਨਾ ਬੀਮਾ ਸਕੀਮ ਨੂੰ ਪ੍ਰਵਾਨਗੀ

Friday, Apr 20, 2018 - 07:40 AM (IST)

ਚੰਡੀਗੜ੍ਹ  (ਬਿਊਰੋ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਤਾ ਪ੍ਰਾਪਤ ਤੇ ਪੀਲੇ ਕਾਰਡ ਹੋਲਡਰ ਲੱਗਭਗ 4200 ਪੱਤਰਕਾਰਾਂ ਲਈ ਦੁਰਘਟਨਾ ਬੀਮਾ ਸਕੀਮ ਵਿਚ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਵਿਚ ਮਾਨਤਾ ਪ੍ਰਾਪਤ ਤੇ ਪੀਲਾ ਕਾਰਡ ਹੋਲਡਰ ਹਰੇਕ ਪੱਤਰਕਾਰ ਪੰਜ ਲੱਖ ਰੁਪਏ ਦੇ ਦੁਰਘਟਨਾ ਬੀਮਾ ਦੇ ਘੇਰੇ ਵਿਚ ਆਵੇਗਾ।
ਬੁਲਾਰੇ ਨੇ ਦੱਸਿਆ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਲੋਂ ਟੈਂਡਰ ਪ੍ਰਕਿਰਿਆ ਰਾਹੀਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੀ ਚੋਣ ਕੀਤੀ ਗਈ ਹੈ ਅਤੇ ਇਸ ਸਬੰਧੀ ਛੇਤੀ ਹੀ ਇਕ ਸਮਝੌਤਾ ਸਹੀਬੰਦ ਹੋਵੇਗਾ। ਪ੍ਰਸਤਾਵਿਤ ਸਮਝੌਤੇ ਦੀ ਨਿਰਧਾਰਤ ਵਿਵਸਥਾ ਅਨੁਸਾਰ ਕਿਸੇ ਦੁਰਘਟਨਾ ਵਿਚ ਮੌਤ ਹੋਣ ਦੀ ਸੂਰਤ ਵਿਚ ਪੱਤਰਕਾਰ ਦੇ ਨਾਮਜ਼ਦ ਮੈਂਬਰ ਨੂੰ ਬੀਮਾ ਲਾਭ ਮੁਹੱਈਆ ਕਰਵਾਇਆ ਜਾਵੇਗਾ।
ਸਕੀਮ ਦੀ ਵਿਵਸਥਾ ਮੁਤਾਬਕ ਮੌਤ ਹੋਣ, ਪੱਕੇ ਤੌਰ 'ਤੇ ਨਕਾਰਾ ਹੋਣ, 2 ਅੰਗ ਨੁਕਸਾਨੇ ਜਾਣ ਜਾਂ ਇਕ ਅੱਖ ਅਤੇ ਇਕ ਅੰਗ ਨੁਕਸਾਨੇ ਜਾਣ ਦੀ ਸੂਰਤ ਵਿਚ ਪੰਜ ਲੱਖ ਰੁਪਏ ਦਾ 100 ਫੀਸਦੀ ਲਾਭ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਕੀਮ ਵਿਚ ਹੋਰ ਲਾਭਾਂ ਦੀ ਵਿਵਸਥਾ ਕੀਤੀ ਗਈ ਹੈ, ਜਿਸ ਤਹਿਤ ਦੋਵੇਂ ਅੱਖਾਂ ਦੀ ਰੌਸ਼ਨੀ ਚਲੇ ਜਾਣ ਦੀ ਸੂਰਤ ਵਿਚ ਪੰਜ ਲੱਖ ਰੁਪਏ ਦਾ 100 ਫੀਸਦੀ ਲਾਭ ਮੁਹੱਈਆ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਇਕ ਅੱਖ ਦੀ ਰੌਸ਼ਨੀ ਚਲੇ ਜਾਣ ਜਾਂ ਇਕ ਅੰਗ ਨੁਕਸਾਨੇ ਜਾਣ ਦੀ ਸੂਰਤ ਵਿਚ 2.50 ਲੱਖ ਰੁਪਏ ਦਾ ਲਾਭ ਦੇਣ ਦੀ ਵਿਵਸਥਾ ਵੀ ਇਸ ਸਕੀਮ ਵਿਚ ਹੈ।


Related News