ਜਲੰਧਰ ਦੇ 99 ਵਾਰਡਾਂ ’ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ, ਕੁੱਲ੍ਹ 66.05 ਫ਼ੀਸਦੀ ਹੋਈ ਵੋਟਿੰਗ
Wednesday, May 27, 2026 - 11:06 AM (IST)
ਜਲੰਧਰ (ਜਤਿੰਦਰ ਚੋਪੜਾ)- ਜਲੰਧਰ ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ ਕੁੱਲ੍ਹ 99 ਵਾਰਡਾਂ ਲਈ ਸੋਮਵਾਰ ਨੂੰ ਸ਼ਾਂਤੀਪੂਰਨ ਮਾਹੌਲ ਵਿਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਗਿਆ। ਭਿਆਨਕ ਗਰਮੀ ਦੇ ਬਾਵਜੂਦ ਲੋਕਾਂ ਨੇ ਉਤਸ਼ਾਹ ਨਾਲ ਵੋਟਿੰਗ ਵਿਚ ਹਿੱਸਾ ਲਿਆ। ਚੋਣ ਪ੍ਰਕਿਰਿਆ ਲਈ ਜ਼ਿਲ੍ਹੇ ਵਿਚ ਕੁੱਲ੍ਹ 133 ਪੋਲਿੰਗ ਬੂਥ ਬਣਾਏ ਗਏ ਸਨ, ਜਿੱਥੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਜਲੰਧਰ ਜ਼ਿਲ੍ਹਾ ’ਚ 66.05 ਫ਼ੀਸਦੀ ਵੋਟਿੰਗ ਹੋਈ। ਨਕੋਦਰ ’ਚ ਕੁੱਲ੍ਹ 65.58 ਫ਼ੀਸਦੀ, ਮਿਊਂਸੀਪਲ ਕੌਂਸਲ ਆਦਮਪੁਰ ’ਚ 64.59 ਫ਼ੀਸਦੀ, ਕਰਤਾਰਪੁਰ ’ਚ 65.02 ਫ਼ੀਸਦੀ, ਨੂਰਮਹਿਲ ’ਚ 70.53 ਫ਼ੀਸਦੀ ਅਤੇ ਮਿਊਂਸੀਪਲ ਕੌਂਸਲ ਫਿਲੌਰ ’ਚ 62.29 ਫ਼ੀਸਦੀ ਵੋਟਿੰਗ ਹੋਈ। ਵਾਲੀਆ ਨੇ ਦੱਸਿਆ ਕਿ ਨਗਰ ਪੰਚਾਇਤ ਮਹਿਤਪੁਰ ’ਚ 68.97 ਫ਼ੀਸਦੀ ਅਤੇ ਨਗਰ ਪੰਚਾਇਤ ਲੋਹੀਆਂ ਖ਼ਾਸ ’ਚ 71.72 ਫ਼ੀਸਦੀ ਵੋਟਿੰਗ ਹੋਈ। ਸ਼ਾਮ 5 ਵਜੇ ਤੱਕ ਵੋਟਿੰਗ ਫ਼ੀਸਦੀ ਵਿਚ ਵੱਡਾ ਵਾਧਾ ਵੇਖਣ ਨੂੰ ਮਿਲਿਆ। ਜ਼ਿਲ੍ਹੇ ਵਿਚ ਸਭ ਤੋਂ ਘੱਟ ਵੋਟਿੰਗ ਫਿਲੌਰ ਨਗਰ ਕੌਂਸਲ ਵਿਚ 61.22 ਫ਼ੀਸਦੀ ਦਰਜ ਕੀਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ 28,29,30 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ
ਉੱਥੇ ਹੀ ਸੁਰੱਖਿਆ ਵਿਵਸਥਾ ਬਣਾਈ ਰੱਖਣ ਲਈ ਐੱਸ. ਐੱਸ. ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਲਗਭਗ 1200 ਪੁਲਸ ਅਧਿਕਾਰੀ ਅਤੇ ਕਰਮਚਾਰੀ ਵੱਖ-ਵੱਖ ਖੇਤਰਾਂ ਵਿਚ ਤਾਇਨਾਤ ਰਹੇ। ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ, ਜਿਸ ਸਦਕਾ ਜ਼ਿਲ੍ਹੇ ਭਰ ਵਿਚ ਵੋਟਿੰਗ ਪੂਰੀ ਤਰ੍ਹਾਂ ਅਮਨ-ਅਮਾਨ ਵਾਲੇ ਮਾਹੌਲ ਵਿਚ ਨੇਪਰੇ ਚੜ੍ਹੀ। ਇਸੇ ਤਰ੍ਹਾਂ ਨਗਰ ਪੰਚਾਇਤ ਮਹਿਤਪੁਰ ਦੇ 13 ਵਾਰਡਾਂ ਲਈ 47 ਅਤੇ ਨਗਰ ਪੰਚਾਇਤ ਲੋਹੀਆਂ ਖ਼ਾਸ ਦੇ 13 ਵਾਰਡਾਂ ਲਈ 47 ਉਮੀਦਵਾਰ ਮੈਦਾਨ ਵਿਚ ਹਨ। ਉਨ੍ਹਾਂ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰਿਜ਼ਰਵ ਸਟਾਫ਼ ਸਮੇਤ ਲੱਗਭਗ 800 ਚੋਣ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ।

ਡੀ. ਸੀ. ਨੇ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ’ਤੇ ਚੋਣ ਅਮਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਚੋਣ ਸਟਾਫ਼ ਨੇ ਪੂਰੀ ਮਿਹਨਤ, ਈਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ, ਜਿਸ ਸਦਕਾ ਵੋਟਿੰਗ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਮੁਕੰਮਲ ਹੋ ਸਕੀ। ਉਨ੍ਹਾਂ ਜ਼ਿਲੇ ਦੇ ਵੋਟਰਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀ ਜਾਗਰੂਕਤਾ ਅਤੇ ਸਹਿਯੋਗ ਕਾਰਨ ਚੋਣ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਪੂਰੀ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ ਅਤੇ ਇਸ ਦੇ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਗਿਣਤੀ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ 99 ਵਾਰਡਾਂ ਲਈ ਕੁੱਲ 341 ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਿਨ੍ਹਾਂ ਦਾ ਭਵਿੱਖ ਵੋਟ ਪੇਟੀਆਂ (ਬੈਲੇਟ ਬਕਸਿਆਂ) ਵਿਚ ਬੰਦ ਹੋ ਗਿਆ ਹੈ। ਨਗਰ ਕੌਂਸਲ ਆਦਮਪੁਰ ਦੇ 13 ਵਾਰਡਾਂ ਲਈ 44 ਉਮੀਦਵਾਰ, ਕਰਤਾਰਪੁਰ ਦੇ 15 ਵਾਰਡਾਂ ਲਈ 50, ਨਕੋਦਰ ਦੇ 17 ਵਾਰਡਾਂ ਲਈ 55, ਨੂਰਮਹਿਲ ਦੇ 13 ਵਾਰਡਾਂ ਲਈ 41 ਅਤੇ ਫਿਲੌਰ ਦੇ 15 ਵਾਰਡਾਂ ਲਈ 57 ਉਮੀਦਵਾਰ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ: ਅਕਾਲੀ-ਭਾਜਪਾ ਦਾ ਗਠਜੋੜ! 'ਤੱਕੜੀ' ਲਈ ਵੋਟਾਂ ਮੰਗ ਰਹੇ MLA ਜੰਗੀ ਲਾਲ ਮਹਾਜਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
