ਅੰਮ੍ਰਿਤਸਰ ਰੇਲ ਹਾਦਸੇ ਤੋਂ ਨਹੀਂ ਲਿਆ ਸਬਕ, ਮੁੜ ਲਾਈਨਾਂ ਨੇੜੇ ਹੋਇਆ ਸਿੱਧੂ ਦਾ ਸਮਾਗਮ (ਵੀਡੀਓ)

03/03/2019 5:22:44 PM

ਅੰਮ੍ਰਿਤਸਰ (ਸੁਮਿਤ)— ਅੰਮ੍ਰਿਤਸਰ ਰੇਲ ਹਾਦਸਾ, ਉਹ ਦੁਰਘਟਨਾ ਹੈ, ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਸ਼ਾਇਦ ਉਸ ਹਾਦਸੇ ਤੋਂ ਨਾ ਤਾਂ ਪ੍ਰਸ਼ਾਸਨ ਨੇ ਕੋਈ ਸਬਕ ਲਿਆ ਤੇ ਨਾ ਹੀ ਸਿਆਸੀ ਆਗੂਆਂ ਨੇ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਲਾਈਨਾਂ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਸਮਾਗਮ ਚੱਲ ਰਿਹਾ ਹੈ। ਸਿਰਫ ਸਿੱਧੂ ਹੀ ਨਹੀਂ, ਉਨ੍ਹਾਂ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਓ. ਪੀ. ਸੋਨੀ, ਰਾਜ ਕੁਮਾਰ ਵੇਰਕਾ, ਵਿਧਾਇਕ ਇੰਦਰਬੀਰ ਬੁਲਾਰੀਆ ਤੋਂ ਇਲਾਵਾ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਹਾਜ਼ਰ ਹਨ ਪਰ ਸ਼ਾਇਦ ਕਿਸੇ ਨੇ ਵੀ ਅਜਿਹੀ ਖਤਰਨਾਕ ਥਾਂ 'ਤੇ ਸਮਾਗਮ ਕਰਵਾਏ ਜਾਣ 'ਤੇ  ਇਤਰਾਜ਼ ਨਹੀਂ ਜਤਾਇਆ। ਹਾਲਾਂਕਿ ਰੇਲਵੇ ਕ੍ਰਾਸਿੰਗ 'ਤੇ ਅਹਿਤਿਆਤ ਵਜੋਂ ਪੁਲਸ ਮੁਲਾਜ਼ਮ ਤਾਇਨਾਤ ਹਨ ਤੇ ਫਾਟਕ ਵੀ ਬੰਦ ਹੈ ਪਰ ਲੋਕ ਫਾਟਕ ਦੇ ਇਸ ਪਾਰ ਵੀ ਖੜ੍ਹੇ ਹਨ। ਹੋਰ ਤਾਂ ਹੋਰ , ਜਦੋਂ ਨਵਜੋਤ ਸਿੱਧੂ ਪ੍ਰੈੱਸ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਥੋਂ ਹੀ ਟਰੇਨ ਵੀ ਲੰਘੀ, ਜਿਸਦੀ ਆਵਾਜ਼ ਵੀ ਸਾਫ ਸੁਣਾਈ ਦੇ ਰਹੀ ਹੈ।

PunjabKesari

ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਦੁਸਹਿਰੇ ਵਾਲੇ ਦਿਨ ਜਦੋਂ ਟਰੇਨ ਹਾਦਸਾ ਵਾਪਰਿਆ ਸੀ। ਉਦੋਂ ਵੀ ਰੇਲਵੇ ਲਾਇਨਾਂ ਦੇ ਕੋਲ ਹੀ ਰਾਵਨ ਦਹਿਨ ਦਾ ਪ੍ਰੋਗਰਾਮ ਚੱਲ ਰਿਹਾ ਸੀ। ਉਸ ਸਮਾਗਮ 'ਚ ਵੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਹੀ ਮੁੱਖ ਮਹਿਮਾਨ ਸਨ ਤੇ ਅੱਜ ਵੀ ਨਵਜੋਤ ਸਿੱਧੂ ਇਸ ਪ੍ਰੋਗਰਾਮ 'ਚ ਸ਼ਾਮਲ ਹਨ। ਭਾਵੇਂ ਅੱਜ ਸਥਾਨ ਉਹੀ ਨਹੀਂ ਪਰ ਹਾਲਾਤ ਉਸ ਤੋਂ ਵੱਖਰੇ ਵੀ ਨਹੀਂ ਹਨ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਾਰ-ਵਾਰ ਸਮਾਗਮਾਂ ਲਈ ਅਜਿਹੀਆਂ ਥਾਂਵਾਂ ਹੀ ਕਿਉਂ ਲੱਭਦੀਆਂ ਹਨ? ਕੀ ਪਿਛਲੀਆਂ ਗਲਤੀਆਂ ਤੋਂ ਸਬਕ ਨਹੀਂ ਲੈਣਾ ਚਾਹੀਦਾ?


Related News