ਅੰਮ੍ਰਿਤਸਰ ਰੇਲ ਹਾਦਸੇ ਦੇ 'ਜ਼ਖਮਾਂ' ਲਈ ਬੰਦ ਹੋ ਗਈ ਸਰਕਾਰੀ 'ਦਵਾਈ'
Tuesday, Nov 27, 2018 - 10:59 AM (IST)
ਅੰਮ੍ਰਿਤਸਰ (ਸਫਰ, ਨਵਦੀਪ)— 19 ਅਕਤੂਬਰ ਦੇ ਦਿਨ ਜੌੜਾ ਫਾਟਕ 'ਤੇ ਰਾਵਣ ਕੀ ਸੜਿਆ ਉਸ ਦੇ ਨਾਲ ਅਣਗਿਣਤ ਘਰਾਂ ਦੀਆਂ ਖੁਸ਼ੀਆਂ ਵੀ ਸੁਆਹ ਹੋ ਗਈਆਂ। ਗਰਾਊਂਡ ਰਿਪੋਰਟ ਇਹ ਹੈ ਕਿ ਰੇਲ ਹਾਦਸੇ ਨੇ ਜਿੱਥੇ ਦਿਹਾੜੀਦਾਰ ਮਜ਼ਦੂਰਾਂ ਦੀ ਰੋਜ਼ੀ-ਰੋਟੀ ਖੋਹ ਲਈ, ਉਥੇ ਹੀ ਸਰਕਾਰ ਦਾ ਦਿੱਤਾ ਰਾਸ਼ਨ ਵੀ ਹੁਣ ਖਤਮ ਹੋ ਗਿਆ ਹੈ। ਇਲਾਜ ਲਈ ਦਰਵਾਜ਼ੇ ਬੰਦ ਹੋ ਗਏ ਹਨ। ਅਜਿਹੇ 'ਚ ਰੇਲ ਹਾਦਸੇ ਦੇ ਜ਼ਖਮਾਂ ਲਈ ਸਰਕਾਰੀ ਦਵਾਈ ਵੀ ਬੰਦ ਕਰ ਦਿੱਤੀ ਗਈ ਹੈ। ਇਕ ਪਾਸੇ ਜਿੱਥੇ ਲੋਕ ਇਲਾਜ ਲਈ ਤਰਸ ਰਹੇ ਹਨ ਉਥੇ ਹੀ ਪ੍ਰਾਈਵੇਟ ਅਤੇ ਸਰਕਾਰੀ ਡਾਕਟਰ ਇਲਾਜ ਲਈ ਫੀਸ ਅਤੇ ਦਵਾਈ ਲਈ ਪੈਸਿਆਂ ਦੀ ਡਿਮਾਂਡ ਕਰ ਰਹੇ ਹਨ। ਰੇਲ ਹਾਦਸੇ 'ਚ ਜ਼ਖਮੀ ਪਰਿਵਾਰਾਂ 'ਤੇ ਆਰਥਿਕ ਸੰਕਟ ਮੰਡਰਾ ਗਿਆ ਹੈ। 50-50 ਹਜ਼ਾਰ ਦੇ ਚੈੱਕ ਜੋ ਮਿਲੇ ਸਨ, ਉਹ ਇਲਾਜ 'ਚ ਹੀ ਘੱਟ ਪੈ ਰਹੇ ਹਨ ਅਜਿਹੇ 'ਚ ਸਰਕਾਰ ਵੱਲੋਂ ਰਾਹਤ ਦਾ ਰਾਸ਼ਨ ਖਤਮ ਹੋ ਚੁੱਕਿਆ ਹੈ ਅਤੇ ਉਧਾਰ ਲੈ ਕੇ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ। ਇਲਾਜ ਲਈ ਪਰਚੀ ਤੋਂ ਲੈ ਕੇ ਦਵਾਈ ਦੇ ਪੈਸੇ ਵਸੂਲੇ ਜਾ ਰਹੇ ਹਨ।

ਬਾਬੂ ਜੀ! ਸਰਕਾਰ ਨੇ ਪਿੱਛੋਂ ਦਵਾਈ ਬੰਦ ਕਰ ਦਿੱਤੀ ਹੈ
ਦਾਸਤਾਨ ਸੁਣਾਉਂਦੇ ਹੋਏ ਜ਼ਖਮੀ ਨੇ ਦੱਸਿਆ ਕਿ ਬਾਬੂ ਜੀ! ਸਰਕਾਰੀ ਡਾਕਟਰ ਬੋਲਦੇ ਹਨ ਸਰਕਾਰ ਨੇ ਪਿੱਛੋਂ ਦਵਾਈ ਬੰਦ ਕਰ ਦਿੱਤੀ ਹੈ। ਅਜਿਹੇ 'ਚ ਜ਼ਖਮੀ ਇਲਾਜ ਲਈ ਤਰਸ ਰਹੇ ਹਨ, ਉਥੇ ਹੀ ਕਰਜ਼ਾ ਲੈ ਕੇ ਆਪਣੇ ਜਿਗਰ ਦੇ ਟੁਕੜਿਆਂ ਦਾ ਇਲਾਜ ਕਰਵਾ ਰਹੇ ਹਨ। ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਨੇ ਕਿਨਾਰਾ ਕਰ ਲਿਆ ਹੈ। ਮੇਰੇ ਦੋਵੇਂ ਬੱਚੇ ਸੰਤੋਸ਼ ਅਤੇ ਅਮਿਤ ਜ਼ਖਮੀ ਹੋ ਗਏ ਸਨ। ਇਕ ਦਾ ਪ੍ਰਾਈਵੇਟ ਅਤੇ ਦੂਜੇ ਦਾ ਇਲਾਜ ਸਰਕਾਰੀ (ਜੀ. ਐੱਨ. ਡੀ. ਐੱਚ.) ਚੱਲਿਆ। ਕੁਝ ਦਿਨ ਪਹਿਲਾਂ ਛੁੱਟੀ ਦੇ ਦਿੱਤੀ ਗਈ। ਹੁਣ ਅਜਿਹੀ ਹਾਲਤ ਹੈ ਕਿ ਦੋਵਾਂ ਦਾ ਇਲਾਜ ਉਨ੍ਹਾਂ ਪੈਸਿਆਂ ਤੋਂ ਕਰਵਾ ਰਿਹਾ ਹਾਂ ਜੋ ਸਰਕਾਰ ਨੇ ਚੈੱਕ ਦਿੱਤੇ ਹਨ। ਸਰਕਾਰ ਨੇ ਵਾਅਦਾ ਕੀਤਾ ਸੀ, ਸਾਰਾ ਇਲਾਜ ਫ੍ਰੀ ਹੋਵੇਗਾ ਪਰ ਡਾਕਟਰ ਤਾਂ ਫੀਸ ਵੀ ਨਹੀਂ ਛੱਡਦੇ। ਇਹ ਕਹਿੰਦੇ ਹੋਏ ਰਾਮ ਬਹਾਦਰ ਰੋ ਪਿਆ। ਕਹਿਣ ਲੱਗਾ ਮੈਂ ਵੀ ਜ਼ਖਮੀ ਹੋਇਆ ਸੀ ਪਰ 1 ਪੈਸਾ ਵੀ ਇਲਾਜ ਲਈ ਨਹੀਂ ਮਿਲਿਆ। ਸੰਤੋਸ਼ ਦਾ ਲਿਵਰ ਫਟ ਗਿਆ ਜਦੋਂ ਕਿ ਅਮਿਤ ਦੀ ਹੱਡੀ ਟੁੱਟੀ ਹੈ, ਮੇਰੇ ਪੈਰ ਦੀ ਹੱਡੀ 'ਚ ਵੀ ਫਰੈਕਚਰ ਹੈ ਪਰ ਮੈਨੂੰ ਇਲਾਜ ਲਈ 1 ਪਾਈ ਨਹੀਂ ਮਿਲੀ। ਸੰਤੋਸ਼ ਦੀ ਦਵਾਈ 535 ਅਤੇ ਅਮਿਤ ਦੀ ਦਵਾਈ 600 ਰੁਪਏ ਦੀ ਲਿਆਂਦੀ ਹੈ, 1 ਹਫਤਾ ਹੀ ਚੱਲਦੀ ਹੈ। ਡਾਕਟਰ ਤਾਂ ਦੇਖਣ ਦੀ ਫੀਸ ਵੀ ਲੈਣ ਲੱਗੇ ਹਨ, ਫਿਰ ਫ੍ਰੀ ਇਲਾਜ ਦਾ ਡਰਾਮਾ ਕਿਉਂ ਕੀਤਾ ਗਿਆ। ਮੈਂ ਅੱਜ ਤੋਂ ਰੇਹੜੀ ਲਗਾ ਲਈ ਹੈ, ਆਪਣੇ ਬੱਚਿਆਂ ਦਾ ਇਲਾਜ ਕਰਵਾ ਕੇ ਰਹਾਂਗਾ, ਸਰਕਾਰ ਸਾਥ ਦੇਵੇ ਜਾਂ ਨਾ ਦੇਵੇ।

ਸਰਕਾਰ ਨੇ ਸਾਡੇ ਨਾਲ ਧੋਖਾ ਕੀਤੈ
ਫੂਲਚੰਦਰ ਵੀ ਰੇਲ ਹਾਦਸੇ 'ਚ ਜ਼ਖਮੀ ਹੋਇਆ ਸੀ, ਕਹਿੰਦਾ ਹੈ ਕਿ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ। ਡਾਕਟਰ ਬੋਲਦਾ ਹੈ ਕਿ ਦਵਾਈ ਦੇ ਪੈਸੇ ਲੱਗਣਗੇ, ਸਰਕਾਰ ਨੇ ਬੇਵਕੂਫ ਬਣਾਇਆ। 818 ਰੁਪਏ ਦੀ ਦਵਾਈ ਖਰੀਦ ਕੇ ਲਿਆਂਦੀ ਹੈ। ਸਰਕਾਰ ਕਹਿੰਦੀ ਸੀ ਕਿ ਗੋਦ ਲਿਆ ਹੈ ਘਰਾਂ ਨੂੰ, ਕਿਹੜੇ ਘਰ 'ਚ ਦੁਬਾਰਾ ਰਾਸ਼ਨ ਵੰਡਣ ਆਏ ਸਰਕਾਰ ਦੇ ਨੁਮਾਇੰਦੇ ਦੱਸੋ ਤਾਂ ਜ਼ਰਾ। ਜਦੋਂ ਰੇਲ ਹਾਦਸਾ ਹੋਇਆ ਤੱਦ ਤਾਂ ਹਰ ਰੋਜ਼ ਮੰਤਰੀ ਆਉਂਦੇ ਰਹੇ, ਅੱਜ ਕੋਈ ਗੱਲ ਪੁੱਛਣ ਵਾਲਾ ਨਹੀਂ ਹੈ। ਅਖੀਰ ਇਹ ਸਭ ਸਿਆਸਤ ਤਾਂ ਹੀ ਹੈ ਵਰਨਾ ਜੋ ਗੱਲ ਜ਼ੁਬਾਨ ਤੋਂ ਕੱਢੀ ਜਾਵੇ ਉਸ ਨੂੰ ਪੂਰਾ ਕਰਨਾ ਹੀ ਮਰਦਾਂ ਵਾਲੀ ਗੱਲ ਹੁੰਦੀ ਹੈ ਪਰ ਇਥੇ ਤਾਂ ਸਭ ਕੁਝ ਲੀਪਾਪੋਤੀ ਕਾਰਨ ਚੈੱਕ ਵੰਡੇ ਗਏ। ਘਰ-ਘਰ ਰਾਸ਼ਨ ਪਹੁੰਚਾਇਆ ਗਿਆ।

ਘਰ 'ਚੋਂ ਉੱਠ ਚੁੱਕੀਆਂ ਹਨ 3 ਲਾਸ਼ਾਂ
ਰਾਧਾ ਅਤੇ ਪ੍ਰੀਤੀ ਦੋਵੇਂ ਸਕੀਆਂ ਭੈਣਾਂ ਹਨ। ਰਾਧਾ ਦਾ ਪਰਿਵਾਰ ਸੁਲਤਾਨਪੁਰ ਰਹਿੰਦਾ ਹੈ। ਰਾਧਾ ਆਪਣੇ ਬੇਟੇ ਦਾ ਮੁੰਡਣ ਕਰਵਾਉਣ ਲਈ ਸ਼੍ਰੀ ਵੈਸ਼ਣੋਂ ਮਾਤਾ ਜਾਣਾ ਸੀ, ਪ੍ਰੀਤੀ ਦੇ ਪਰਿਵਾਰ ਨੇ ਦੁਸਹਿਰੇ ਦੇ ਅਗਲੇ ਦਿਨ ਨਾਲ ਜਾਣਾ ਸੀ। ਰੇਲ ਹਾਦਸੇ 'ਚ ਇਸ ਘਰ 'ਚੋਂ 3 ਲਾਸ਼ਾਂ ਉੱਠੀਆਂ। ਦੋਵੇਂ ਭੈਣਾਂ ਨੇ ਜਿੱਥੇ ਆਪਣਾ ਸੁਹਾਗ ਖੋਹ ਦਿੱਤਾ ਉਥੇ ਹੀ 1 ਬੇਟੇ ਨੂੰ ਵੀ ਖੋਹ ਬੈਠੀ। ਸੱਸ ਸ਼ਿਵਮਤੀ ਵੀ ਜ਼ਖ਼ਮੀ ਹੋ ਗਈ। ਤਿੰਨਾਂ ਦਾ ਇਲਾਜ 3 ਹਸਪਤਾਲਾਂ 'ਚ ਚੱਲਿਆ। ਤਿੰਨਾਂ ਦੀ ਦਵਾਈ ਦੋ ਪ੍ਰਾਈਵੇਟ ਹਸਪਤਾਲ ਅਤੇ 1 ਸਰਕਾਰੀ ਤੋਂ ਕੁਲ ਮਿਲਾ ਕੇ 2700 ਦੀ ਆਈ ਹੈ। ਪ੍ਰੀਤੀ ਅਤੇ ਰਾਧਾ ਕਹਿੰਦੀਆਂ ਹਨ ਕਿ ਨਾ ਰਾਵਣ ਸੜਦਾ ਨਾ ਸਾਡੀ ਖੁਸ਼ੀਆਂ ਦੀ ਬਰਬਾਦੀ ਹੁੰਦੀ।

ਪਿਉ-ਪੁੱਤਰ ਹੋਏ ਸਨ ਜ਼ਖਮੀ
ਦੀਪਕ ਅਤੇ ਉਸ ਦਾ ਪੁੱਤਰ ਅੰਸ਼ ਦੋਵੇਂ ਰੇਲ ਹਾਦਸੇ ਵਿਚ ਜ਼ਖਮੀ ਹੋਏ ਸਨ। ਦੀਪਕ ਦਾ ਇਲਾਜ ਪ੍ਰਾਈਵੇਟ ਹਸਪਤਾਲ ਤਾਂ ਅੰਸ਼ ਦਾ ਇਲਾਜ ਸਰਕਾਰੀ ਹਸਪਤਾਲ 'ਚ ਚੱਲਿਆ। ਦੋਵਾਂ ਨੂੰ ਛੁੱਟੀ ਮਿਲ ਗਈ ਹੈ ਪਰ ਦਵਾਈ ਜਾਰੀ ਹੈ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਫ੍ਰੀ ਦਵਾਈ ਬੰਦ ਹੋ ਗਈ ਹੈ। ਦਵਾਈ ਦੀ ਲਿਸਟ ਫੜਾ ਕੇ ਬਾਹਰ ਤੋਂ ਖਰੀਦਣ ਨੂੰ ਕਿਹਾ ਤਾਂ ਕਰੀਬ 900 ਰੁਪਿਆਂ ਦੀ ਦਵਾਈ ਦੀਪਕ ਖਰੀਦ ਕੇ ਲਿਆਏ। ਦੀਪਕ ਕਹਿੰਦਾ ਹੈ ਕਿ ਸਰਕਾਰਾਂ ਕਿਸ ਤਰ੍ਹਾਂ ਨਾਲ ਧੋਖਾ ਕਰਦੀਆਂ ਹਨ, ਇਹ ਅਸੀਂ ਆਪਣੇ 'ਤੇ ਬੀਤੀ ਹੱਡਬੀਤੀ ਦੱਸ ਰਹੇ ਹਾਂ।
