ਹੁਣ ਅੰਮ੍ਰਿਤਸਰ 'ਚ ਦੇਸ਼ੀ ਤੇ ਵਿਦੇਸ਼ੀ ਭੋਜਨ ਦਾ ਵੀ ਆਨੰਦ ਮਾਣਨਗੇ ਸੈਲਾਨੀ

Wednesday, Feb 13, 2019 - 11:38 AM (IST)

ਹੁਣ ਅੰਮ੍ਰਿਤਸਰ 'ਚ ਦੇਸ਼ੀ ਤੇ ਵਿਦੇਸ਼ੀ ਭੋਜਨ ਦਾ ਵੀ ਆਨੰਦ ਮਾਣਨਗੇ ਸੈਲਾਨੀ

ਅੰਮ੍ਰਿਤਸਰ (ਦਲਜੀਤ) : ਸ਼ਹਿਰ 'ਚ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਹਰ ਤਰ੍ਹਾਂ ਦਾ ਦੇਸ਼-ਵਿਦੇਸ਼ ਦਾ ਭੋਜਨ ਇਕ ਹੀ ਜਗ੍ਹਾ 'ਤੇ ਮਿਲੇਗਾ। ਪੰਜਾਬ ਸਰਕਾਰ ਵੱਲੋਂ ਸੈਲਾਨੀਆਂ ਦੀ ਆਮਦ ਨੂੰ ਦੇਖਦਿਆਂ ਅੰਮ੍ਰਿਤਸਰ 'ਚ 3 ਸਟਰੀਟ ਫੂਡ ਹੱਬ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਵਿਸਾਖੀ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨੇੜੇ, ਲਾਰੈਂਸ ਰੋਡ ਤੇ ਰਣਜੀਤ ਐਵੀਨਿਊ ਵਿਖੇ ਇਹ ਸਟਰੀਟ ਫੂਡ ਹੱਬ ਤਿਆਰ ਹੋਣ ਜਾਣਗੇ। ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਆਫ ਇੰਡੀਆ ਦੀ ਉੱਚ ਪੱਧਰੀ ਟੀਮ ਵੱਲੋਂ ਹੱਬ ਤਿਆਰ ਕਰਨ ਲਈ ਅੰਮ੍ਰਿਤਸਰ ਦੀਆਂ ਪ੍ਰਸਿੱਧ ਥਾਵਾਂ ਦਾ ਨਿਰੀਖਣ ਕੀਤਾ ਗਿਆ। 

ਜਾਣਕਾਰੀ ਅਨੁਸਾਰ ਉਕਤ ਹੱਬ 'ਚ ਦੇਸ਼-ਵਿਦੇਸ਼ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਖੁਰਾਕ ਪਦਾਰਥ ਇਕ ਹੀ ਜਗ੍ਹਾ 'ਤੇ ਸੈਲਾਨੀਆਂ ਨੂੰ ਮਿਲਣਗੇ। ਅਥਾਰਟੀ ਵਲੋਂ ਇਸ ਸਬੰਧੀ ਸੈਫੇਟੋ ਕੰਪਨੀ ਨਾਲ ਸਮਝੌਤਾ ਵੀ ਕੀਤਾ ਗਿਆ ਹੈ। ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਅੰਮ੍ਰਿਤਸਰ 'ਚ 3 ਫੂਡ ਹੱਬ ਬਣਾਉਣ ਦਾ ਫੈਸਲਾ ਲਿਆ ਗਿਆ ਹੈ, ਜਿਨ੍ਹਾਂ 'ਚ ਸਾਫ-ਸੁਥਰਾ ਤੇ ਚੰਗਾ ਖਾਣਾ ਸੈਲਾਨੀਆਂ ਨੂੰ ਮੁਹੱਈਆ ਹੋਵੇਗਾ। ਫੂਡ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਦੀ ਯੋਗ ਅਗਵਾਈ ਹੇਠ ਹੱਬ ਨੂੰ ਤਿਆਰ ਕਰਨ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।


author

Baljeet Kaur

Content Editor

Related News