ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Friday, Nov 15, 2019 - 12:22 PM (IST)

ਅੰਮ੍ਰਿਤਸਰ (ਸੰਜੀਵ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਦੀ ਐੱਮ. ਐੱਸ. ਈ. ਦੀ ਵਿਦਿਆਰਥਣ ਨੇ ਵੀਰਵਾਰ ਸ਼ਾਮ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਘਟਨਾ ਰਾਤ 8 ਵਜੇ ਦੀ ਹੈ। ਮ੍ਰਿਤਕਾ ਦੀ ਪਛਾਣ ਤਮੰਨਾ ਵਜੋਂ ਹੋਈ, ਜੋ ਗਰਲਜ਼ ਹੋਸਟਲ ਨੰਬਰ 4 ਵਿਚ ਰਹਿੰਦੀ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਫਿਲਹਾਲ ਥਾਣਾ ਕੰਟੋਨਮੈਂਟ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਹੈ। ਖੁਦਕੁਸ਼ੀ ਦੇ ਕਾਰਣ ਸਪੱਸ਼ਟ ਨਹੀਂ ਹੋ ਸਕੇ।
ਜਾਣਕਾਰੀ ਅਨੁਸਾਰ ਅੱਜ ਸ਼ਾਮ ਮ੍ਰਿਤਕਾ ਦੀਆਂ ਸਹੇਲੀਆਂ ਉਸ ਕੋਲ ਆਈਆਂ ਤੇ ਉਸ ਨੂੰ ਆਪਣੇ ਨਾਲ ਚੱਲਣ ਲਈ ਕਹਿਣ ਲੱਗੀਆਂ ਪਰ ਉਸ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ। ਜਦੋਂ ਸਹੇਲੀਆਂ ਵਾਪਸ ਪਰਤੀਆਂ ਤਾਂ ਉਨ੍ਹਾਂ ਦੇਖਿਆ ਕਿ ਕਮਰਾ ਅੰਦਰੋਂ ਬੰਦ ਸੀ, ਜਿਸ 'ਤੇ ਤੁਰੰਤ ਯੂਨੀਵਰਸਿਟੀ ਪ੍ਰਬੰਧਕ ਨੂੰ ਸੂਚਿਤ ਕੀਤਾ ਗਿਆ। ਹੋਸਟਲ 'ਚ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਵਿਦਿਆਰਥਣ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਮ੍ਰਿਤਕਾ ਨੂੰ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ। ਪੁਲਸ ਕਾਜਲ ਵਲੋਂ ਕੀਤੀ ਗਈ ਖੁਦਕੁਸ਼ੀ ਦੇ ਕਾਰਣਾਂ ਸਬੰਧੀ ਉਸ ਦੀਆਂ ਸਹੇਲੀਆਂ ਤੋਂ ਜਾਣਕਾਰੀ ਹਾਸਲ ਕਰ ਰਹੀ ਹੈ।
ਥਾਣਾ ਕੰਟੋਨਮੈਂਟ ਦੇ ਇੰਚਾਰਜ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਵਿਦਿਆਰਥਣ ਦੇ ਕਮਰੇ 'ਚੋਂ ਬਰਾਮਦ ਕੀਤੇ ਉਸ ਦੇ ਮੋਬਾਇਲ ਦਾ ਲਾਕ ਖੁੱਲ੍ਹਵਾ ਕੇ ਉਸ ਦੀ ਜਾਂਚ ਕਰਵਾਈ ਜਾਵੇਗੀ ਤਾਂ ਕਿ ਖੁਦਕੁਸ਼ੀ ਦੇ ਕਾਰਣਾਂ ਦੀ ਜਾਣਕਾਰੀ ਮਿਲ ਸਕੇ।