ਪਤਿੱਤ ਤੇ ਤਨਖਾਹੀਏ ਸਿੱਖ ਨਹੀਂ ਕਰਵਾ ਸਕਣਗੇ ਅਕਾਲ ਤਖਤ ਸਾਹਿਬ ਅਰਦਾਸ

04/19/2019 5:16:25 PM

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ 'ਤੇ ਗੈਰ ਸਿੱਖ ਵੀ ਹੁਣ ਅਰਦਾਸ ਕਰਵਾ ਸਕਣਗੇ। ਜਾਣਕਾਰੀ ਮੁਤਾਬਕ ਸ੍ਰੀ ਅਕਾਲ ਤਖਤ ਦੇ ਬਾਹਰ ਇਕ ਨਵਾਂ ਬੋਰਡ ਲਾਇਆ ਗਿਆ ਹੈ, ਜਿਸ ਮੁਤਾਬਕ ਇਥੇ ਪਤਿਤ ਅਤੇ ਤਨਖਾਹੀਆ ਸਿੱਖਾਂ ਤੋਂ ਇਲਾਵਾ ਹਰ ਇਕ ਪ੍ਰਾਣੀ ਮਾਤਰ, ਸਿੱਖ ਅਤੇ ਗੈਰ ਸਿੱਖ ਦੀ ਵੀ ਅਰਦਾਸ ਹੋ ਸਕਦੀ ਹੈ। ਇਸ ਬੋਰਡ ਮੁਤਾਬਕ ਹੁਣ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ 'ਤੇ ਕੋਈ ਵੀ ਗੈਰ ਸਿੱਖ ਅਰਦਾਸ ਕਰਵਾ ਸਕੇਗਾ। ਇਹ ਨਵਾਂ ਬੋਰਡ ਸਿੱਖ ਰਹਿਤ ਮਰਿਆਦਾ ਅਨੁਸਾਰ ਲਾਇਆ ਗਿਆ ਹੈ। ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 'ਤੇ ਇਸ ਬਾਰੇ ਅੰਕਿਤ ਕੀਤਾ ਹੋਇਆ ਹੈ। ਜਿਸ 'ਚ ਦਰਜ ਹੈ ਕਿ ਤਖਤਾਂ ਦੇ ਖਾਸ ਅਸਥਾਨ ਉਤੇ ਰਹਿਤਵਾਨ ਅੰਮ੍ਰਿਤਧਾਰੀ ਸਿੰਘ ਹੀ ਚੜ੍ਹ ਸਕਦੇ ਹਨ ਪਰ ਤਖਤਾਂ ਉੱਤੇ ਪਤਿਤ ਤੇ ਤਨਖਾਹੀਏ ਸਿੱਖਾਂ ਤੋਂ ਬਿਨਾਂ ਹਰੇਕ ਪ੍ਰਾਣੀ ਦੀ ਅਰਦਾਸ ਹੋ ਸਕਦੀ ਹੈ। ਇਸ ਤੋਂ ਪਹਿਲਾਂ ਇਹ ਧਾਰਨਾ ਬਣੀ ਹੋਈ ਸੀ ਕਿ ਸ੍ਰੀ ਅਕਾਲ ਤਖਤ ਵਿਖੇ ਸਿਰਫ ਸਿੱਖਾਂ ਦੀ ਹੀ ਅਰਦਾਸ ਹੁੰਦੀ ਹੈ। ਸ੍ਰੀ ਅਕਾਲ ਤਖਤ ਵਿਖੇ ਇਹ ਨਵਾਂ ਬੋਰਡ ਕੁਝ ਦਿਨ ਪਹਿਲਾਂ ਹੀ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਥੇ ਹਰ ਹਫਤੇ ਅੰਮ੍ਰਿਤ ਸੰਚਾਰ ਹੋਣ ਬਾਰੇ ਅਤੇ ਸ਼ਸਤਰ ਦਿਖਾਉਣ ਬਾਰੇ ਵੀ ਦੋ ਵੱਖ ਵੱਖ ਬੋਰਡ ਲਾਏ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਅਜਿਹਾ ਬੋਰਡ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਸਥਾਪਤ ਕੀਤਾ ਗਿਆ ਹੈ। ਇਹ ਬੋਰਡ ਹੁਣ ਕਿਉਂ ਲਾਏ ਗਏ ਹਨ, ਫਿਲਹਾਲ ਇਹ ਮਾਮਲਾ ਇਕ ਭੇਤ ਬਣਿਆ ਹੋਇਆ ਹੈ। 

ਇਸ ਸਬੰਧ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਅਜਿਹਾ ਬੋਰਡ ਪਹਿਲਾਂ ਵੀ ਲੱਗਾ ਹੁੰਦਾ ਸੀ, ਸ਼ਾਇਦ ਖਰਾਬ ਹੋਣ ਕਰਕੇ ਉੱਤਰ ਗਿਆ ਹੋਵੇਗਾ। ਉਸ ਦੀ ਥਾਂ 'ਤੇ ਹੁਣ ਨਵਾਂ ਬੋਰਡ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਹਿਤ ਮਰਿਆਦਾ ਮੁਤਾਬਕ ਕੋਈ ਵੀ ਗੈਰ ਸਿੱਖ ਇਥੇ ਅਰਦਾਸ ਕਰਵਾ ਸਕਦਾ ਹੈ। ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਰਹਿਤ ਮਰਿਆਦਾ 'ਚ ਗੈਰ ਸਿੱਖ ਨੂੰ ਸ੍ਰੀ ਅਕਾਲ ਤਖ਼ਤ 'ਤੇ ਅਰਦਾਸ ਕਰਾਉਣ ਦੀ ਕੋਈ ਮਨਾਹੀ ਨਹੀਂ ਹੈ। ਸ੍ਰੀ ਅਕਾਲ ਤਖ਼ਤ ਤੇ ਪਤਿਤ ਅਤੇ ਤਨਖਾਹੀਆ ਸਿੱਖ ਦੀ ਕੜਾਹ ਪ੍ਰਸਾਦਿ ਦੀ ਦੇਗ ਪ੍ਰਵਾਨ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵਧੇਰੇ ਗੈਰ ਸਿੱਖ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਹੇਠਾਂ ਹੀ ਅਰਦਾਸ ਕਰਦੇ ਰਹੇ ਹਨ। ਇਸ ਸਬੰਧੀ ਇਥੇ ਬੋਰਡ ਹੋਣ ਜਾਂ ਨਾ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।


Baljeet Kaur

Content Editor

Related News