ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਉਡਾਣ ਭਰਨ ਲਈ ਤਿਆਰ : ਸਿੱਧੂ

07/19/2018 6:47:41 AM

ਚੰਡੀਗੜ੍ਹ (ਰਮਨਜੀਤ) - ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਕਾਸ ਦੇ ਸਮੂਹ ਮਾਪਦੰਡਾਂ ਪੱਖੋਂ ਉਚ ਕੋਟੀ ਦਾ ਸ਼ਹਿਰ ਬਣਾਉਣ ਅਤੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਵਿਸ਼ੇਸ਼ ਧਿਆਨ ਵਿਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ 150 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਸਿਟੀ ਪ੍ਰਾਜੈਕਟ ਉਲੀਕੇ ਗਏ, ਜਿਨ੍ਹਾਂ ਦਾ ਟੈਂਡਰ ਜਲਦੀ ਹੀ ਜਾਰੀ ਕੀਤਾ ਜਾਵੇਗਾ। ਸਮਾਰਟ ਸਿਟੀ ਦੇ ਇਸ ਪ੍ਰਾਜੈਕਟ ਦੇ ਉਡਾਣ ਭਰਨ ਨਾਲ ਅੰਮ੍ਰਿਤਸਰ ਭਵਿੱਖ ਦਾ ਸ਼ਹਿਰ ਬਣ ਕੇ ਉਭਰੇਗਾ। ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਮਾਰਟ ਸਿਟੀ ਪ੍ਰਾਜੈਕਟ ਦੇ ਸਾਰੇ ਪੱਖਾਂ ਨੂੰ ਬਾਰੀਕੀ ਨਾਲ ਵਾਚਣ ਤੋਂ ਬਾਅਦ ਪਹਿਲੇ ਪੜਾਅ ਦੇ ਪ੍ਰਾਜੈਕਟ ਤੈਅ ਹੋ ਗਏ ਹਨ। ਪਹਿਲੇ ਪੜਾਅ ਵਿਚ 150 ਕਰੋੜ ਰੁਪਏ ਦੇ ਇਨ੍ਹਾਂ ਪ੍ਰਾਜੈਕਟਾਂ ਵਿਚ ਐੱਲ. ਈ. ਡੀ. ਲਾਈਟਾਂ, ਮਲਟੀਲੈਵਲ ਕਾਰ ਪਾਰਕਿੰਗ, ਹੈਰੀਟੇਜ ਸਟਰੀਟ 'ਤੇ ਮੁਫਤ ਵਾਈ-ਫਾਈ ਦੀ ਸਹੂਲਤ, ਸੇਫ ਸਿਟੀ ਦਾ ਅਧਿਕਾਰਤ ਕਮਾਂਡ ਤੇ ਕੰਟਰੋਲ ਕੇਂਦਰ, ਪਾਰਕਾਂ ਤੇ ਖਾਲੀ ਥਾਵਾਂ ਦੇ ਵਿਕਾਸ ਤੇ ਸੁੰਦਰੀਕਰਨ ਦਾ ਕੰਮ ਹੋਵੇਗਾ। ਇਹ ਪ੍ਰਾਜੈਕਟ ਆਉਂਦੇ 6 ਤੋਂ 12 ਮਹੀਨਿਆਂ ਤੱਕ ਸ਼ੁਰੂ ਹੋਣਗੇ, ਜਿਨ੍ਹਾਂ ਦੀ ਸਾਂਭ-ਸੰਭਾਲ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਨ੍ਹਾਂ ਪ੍ਰਾਜੈਕਟਾਂ ਨੂੰ ਕਰਨ ਵਾਲੀ ਕੰਪਨੀ ਹੀ ਇਨ੍ਹਾਂ ਦੀ ਤੈਅ ਸਮੇਂ ਦੌਰਾਨ ਸਾਂਭ ਸੰਭਾਲ ਵੀ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ ਲੋਕਾਂ ਦੀ ਸਭ ਤੋਂ ਵੱਧ ਤਰਜੀਹ ਵਾਲੇ ਕੰਮਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸ਼ੁਰੂ ਕਰਨ ਦੀ ਸਭ ਤੋਂ ਵੱਧ ਮੰਗ ਕੀਤੀ ਜਾ ਰਹੀ ਸੀ।
ਸਮਾਰਟ ਸਿਟੀ ਪ੍ਰਾਜੈਕਟਾਂ ਦੇ ਵਿਸਥਾਰ ਵਿਚ ਵੇਰਵੇ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਸ਼ਹਿਰ ਅੰਦਰ 34.57 ਕਰੋੜ ਰੁਪਏ ਦੀ ਲਾਗਤ ਨਾਲ 63 ਹਜ਼ਾਰ ਐੱਲ. ਈ. ਡੀ. ਲਾਈਟਾਂ ਲੱਗਣਗੀਆਂ। ਇਹ ਕੰਮ 6 ਮਹੀਨਿਆਂ ਅੰਦਰ ਸ਼ੁਰੂ ਹੋਵੇਗਾ ਅਤੇ ਇਸ ਦੀ ਸਾਂਭ-ਸੰਭਾਲ 3 ਤੋਂ 5 ਸਾਲ ਤੱਕ ਲਈ ਹੋਵੇਗੀ। ਹੁਣ ਤੱਕ 3000 ਲਾਈਟਾਂ ਪਹਿਲਾਂ ਹੀ ਲੱਗ ਚੁੱਕੀਆਂ ਹਨ ਅਤੇ ਨਵੀਆਂ ਸਥਾਪਤ ਹੋਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ 66 ਹਜ਼ਾਰ ਹੋ ਜਾਵੇਗੀ। ਸਿੱਧੂ ਨੇ ਅੱਗੇ ਦੱਸਿਆ ਕਿ 2.3 ਕਰੋੜ ਰੁਪਏ ਦੀ ਲਾਗਤ ਨਾਲ ਹੈਰੀਟੇਜ ਸਟਰੀਟ 'ਤੇ ਸ਼ਰਧਾਲੂਆਂ ਨੂੰ ਮੁਫਤ ਵਾਈ-ਫਾਈ ਦੀ ਸਹੂਲਤ ਮਿਲੇਗੀ ।
ਸਿੱਧੂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਧਾਰਮਿਕ ਤੇ ਇਤਿਹਾਸਕ ਸਥਾਨਾਂ 'ਤੇ ਦਰਸ਼ਨ ਕਰਨ ਲਈ ਆਉਂਦੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਧਿਆਨ ਵਿਚ ਰੱਖਦਿਆਂ ਹਾਲ ਬਾਜ਼ਾਰ ਵਿਖੇ ਕੈਰੋ ਮਾਰਕੀਟ ਵਿਖੇ 18.24 ਕਰੋੜ ਰੁਪਏ ਦੀ ਲਾਗਤ ਨਾਲ ਮਲਟੀਲੈਵਲ ਕਾਰ ਪਾਰਕਿੰਗ ਬਣਾਈ ਜਾ ਰਹੀ ਹੈ। ਪੰਜਾਬ ਵਿਚ ਆਪਣੇ ਕਿਸਮ ਦੀ ਪਹਿਲੀ ਆਟੋਮੇਟਿਡ ਕਾਰ ਪਾਰਕਿੰਗ ਵਿਚ 500 ਦੇ ਕਰੀਬ ਵਾਹਨਾਂ ਦੀ ਪਾਰਕਿੰਗ ਸਹੂਲਤ ਹੋਵੇਗੀ, ਜਿਨ੍ਹਾਂ ਵਿਚ 415 ਚਾਰ ਪਹੀਆ ਤੇ 70 ਦੋ ਪਹੀਆ ਵਾਹਨ ਸ਼ਾਮਲ ਹੋਣਗੇ। ਇਹ ਪ੍ਰਾਜੈਕਟ 12 ਮਹੀਨਿਆਂ ਅੰਦਰ ਸ਼ੁਰੂ ਹੋ ਜਾਵੇਗਾ ਅਤੇ ਇਸ ਦੀ ਸਾਂਭ-ਸੰਭਾਲ 10 ਸਾਲਾਂ ਲਈ ਹੋਵੇਗੀ।


Related News