ਅੰਮ੍ਰਿਤਸਰ : 100 ਦੇ ਕਰੀਬ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ
Thursday, Jun 27, 2019 - 04:18 PM (IST)

ਅੰਮ੍ਰਿਤਸਰ (ਵੜੈਚ) : ਜਹਾਜ਼ਗੜ੍ਹ ਸਥਿਤ ਚਮਰੰਗ ਰੋਡ 'ਤੇ ਦੁਪਹਿਰ ਬਾਅਦ ਗਰੀਬਾਂ ਦੀਆਂ 100 ਤੋਂ ਵੱਧ ਝੁੱਗੀਆਂ-ਝੌਂਪੜੀਆਂਂ ਭਿਆਨਕ ਅੱਗ ਨਾਲ ਸੜ ਕੇ ਸੁਆਹ ਹੋ ਗਈਆਂ। ਸਰਕਾਰੀ ਜ਼ਮੀਨ 'ਤੇ ਗੈਰ-ਕਾਨੂੰਨੀ ਤੌਰ 'ਤੇ ਬਣੀਆਂ ਇਨ੍ਹਾਂ ਝੁੱਗੀਆਂ-ਝੌਂਪੜੀਆਂ ਨੂੰ 50 ਮਿੰਟ 'ਚ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ। 200 ਮੀਟਰ ਦੀ ਦੂਰੀ 'ਤੇ ਪਟਾਕਾ ਮਾਰਕੀਟ ਦੀਆਂ ਦੁਕਾਨਾਂ ਹਨ। ਅੱਗ 2.35 'ਤੇ ਲੱਗੀ, 2.45 'ਤੇ ਫਾਇਰ ਬਿਗ੍ਰੇਡ ਨੂੰ ਸੂਚਨਾ ਮਿਲੀ ਤੇ 3 ਵਜੇ ਫਾਇਰ ਬਿਗ੍ਰੇਡ ਨਗਰ ਨਿਗਮ, ਢਾਬ ਬਸਤੀ ਰਾਮ ਸੇਵਾ-ਸੋਸਾਇਟੀ ਦੀਆਂ ਗੱਡੀਆਂਂ ਮੌਕੇ 'ਤੇ ਪਹੁੰਚੀਆਂ। ਅੱਗ ਜ਼ਿਆਦਾ ਹੋਣ 'ਤੇ ਏਅਰਪੋਰਟ ਤੋਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਪਰ ਅੱਗ ਲੱਗਣ ਨਾਲ ਇਹ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਇਸ ਖੇਤਰ ਵਿਚ 600 ਦੇ ਲਗਭਗ ਲੋਕ ਰਹਿੰਦੇ ਹਨ, ਜੋ ਭੀਖ ਮੰਗ ਕੇ ਜਾਂ ਲੇਬਰ ਕਰ ਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ।
ਅੱਗ ਲੱਗਣ ਦਾ ਕਾਰਨ ਕਿਸੇ ਨੇ ਸ਼ਾਰਟ ਸਰਕਟ ਦੱਸਿਆ ਤਾਂ ਕਿਸੇ ਨੇ ਸ਼ਰਾਰਤ ਦੱਸੀ। ਉਥੇ ਹੀ ਮੌਕੇ 'ਤੇ ਝੁੱਗੀਆਂ 'ਚ ਰਹਿਣ ਵਾਲੇ ਕੁਝ ਲੋਕਾਂ ਨੇ ਕਿਹਾ ਕਿ ਉਨ੍ਹਾਂਂ ਦੇ 12 ਬੱਚੇ ਬੁਰੀ ਤਰ੍ਹਾਂ ਝੁਲਸੇ ਹਨ, ਜਿਸ 'ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਉਥੇ ਹੀ 3 ਬੱਚੇ ਲਾਪਤਾ ਵੀ ਦੱਸੇ ਗਏ। ਮੌਕੇ 'ਤੇ ਏ. ਡੀ. ਸੀ. ਵਿਕਾਸ ਹੀਰਾ, ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ, ਐੱਸ. ਐੱਚ. ਓ. ਨੀਰਜ ਕੁਮਾਰ, ਗੁਰਮੀਤ ਸਿੰਘ ਆਦਿ ਪੁੱਜੇ।
ਜਾਣਬੁੱਝ ਕੇ ਲਾਈ ਗਈ ਅੱਗ
ਝੁੱਗੀਆਂ 'ਚ ਰਹਿਣ ਵਾਲੇ ਆਸਾ, ਮਮਤਾ, ਸੋਨੀ, ਅਨੀਤਾ, ਮੰਜੂ ਆਦਿ ਨੇ ਦੱਸਿਆ ਕਿ ਇਥੇ 100 ਤੋਂ ਵੱਧ ਝੁੱਗੀਆਂ ਹਨ, ਜਿਨ੍ਹਾਂ ਤੋਂ ਇਲਾਵਾ ਉਨ੍ਹਾਂ ਦਾ ਕੁਝ ਨਹੀਂ ਹੈ। ਸਾਰਾ ਦਿਨ ਬੱਚੇ ਹੀ ਇਨ੍ਹਾਂ ਝੌਂਪੜੀਆਂ 'ਚ ਰਹਿੰਦੇ ਹਨ, ਉਹ ਕੰਮ-ਕਾਜ ਲਈ ਚਲੇ ਜਾਂਦੇ ਹਨ ਅਤੇ ਸ਼ਾਮ ਨੂੰ ਵਾਪਸ ਆਉਂਦੇ ਹਨ। ਉਨ੍ਹਾਂ ਨੂੰ ਇਲਾਕੇ ਦੇ ਇਕ ਵਿਅਕਤੀ ਨੇ ਕਈ ਵਾਰ ਡਰਾਇਆ-ਧਮਕਾਇਆ ਅਤੇ ਕਈ ਵਾਰ ਤਲਵਾਰਾਂ ਆਦਿ ਨਾਲ ਵੀ ਇਥੋਂ ਨਿਕਲਣ ਨੂੰ ਕਿਹਾ ਅਤੇ ਕਈ ਵਾਰ ਝੌਂਪੜੀਆਂ ਸਾੜਨ ਦੀ ਵੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਅੱਗ ਉਨ੍ਹਾਂ ਵਿਅਕਤੀ ਵੱਲੋਂ ਹੀ ਲਾਈ ਗਈ ਹੈ। ਪ੍ਰਸ਼ਾਸਨ ਤੋਂ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਕਾਰਨ ਸਾਹਮਣੇ ਲਿਆਂਦਾ ਜਾਵੇ ਅਤੇ ਉਨ੍ਹਾਂ ਦੇ ਸਾਰੇ ਪਰਿਵਾਰਾਂ ਨੂੰ ਛੱਤ ਮੁਹੱਈਆ ਕਰਵਾਈ ਜਾਵੇ। ਉਥੇ ਲੋਕਾਂ ਨੇ ਸੜਕ 'ਤੇ ਜਾਮ ਲਾ ਕੇ ਵੀ ਪ੍ਰਸ਼ਾਸਨ ਖਿਲਾਫ ਵਿਰੋਧ ਕੀਤਾ ਪਰ ਪੁਲਸ ਨੇ ਸ਼ਾਂਤ ਕਰਵਾ ਕੇ ਉਨ੍ਹਾਂ ਨੂੰ ਸਾਹਮਣੇ ਪਾਰਕ ਵਿਚ ਬਿਠਾਇਆ।
ਕੌਂਸਲਰ ਸ਼ੈਲੀ ਨੇ ਜਾਨ 'ਤੇ ਖੇਡ ਕੇ ਬਚਾਈ ਬੱਚਿਆਂ ਦੀ ਜਾਨ
ਕੌਂਸਲਰ ਸ਼ੈਲਿੰਦਰ ਸਿੰਘ ਸ਼ੈਲੀ ਨੇ ਆਪਣੀ ਟੀਮ ਸਮੇਤ ਝੌਂਪੜੀਆਂ 'ਚ ਲੱਗੀ ਅੱਗ ਦੌਰਾਨ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਸ਼ੈਲੀ ਨੇ ਕਿਹਾ ਕਿ ਤੇਜ਼ ਧੁੱਪ ਹੋਣ ਕਾਰਨ ਅੱਗ ਇਕਦਮ ਇੰਨੀ ਫੈਲ ਗਈ ਕਿ ਕੁਝ ਹੀ ਮਿੰਟਾਂ 'ਚ ਸਭ ਕੁਝ ਸੁਆਹ ਹੋ ਗਿਆ।
ਬੱਚਾ ਕੋਈ ਲਾਪਤਾ ਨਹੀਂ, ਅਫਵਾਹ ਹੈ : ਏ. ਡੀ. ਸੀ. ਹੀਰਾ
ਏ. ਡੀ. ਸੀ. ਵਿਕਾਸ ਹੀਰਾ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਕੋਈ ਬੱਚਾ ਲਾਪਤਾ ਨਹੀਂ, ਸਿਰਫ ਅਫਵਾਹ ਹੈ। ਇਨ੍ਹਾਂ ਦੇ ਰਹਿਣ ਸਬੰਧੀ ਵੀ ਦੇਖਿਆ ਜਾਵੇਗਾ, 80 ਦੇ ਲਗਭਗ ਝੌਂਪੜੀਆਂ ਸੜ ਕੇ ਸੁਆਹ ਹੋਈਆਂ ਹਨ।