ਪਾਕਿ ਦਾ ਸਿੱਖਾਂ ਨੂੰ ਇਕ ਹੋਰ ਤੋਹਫਾ, ਕਰਤਾਰਪੁਰ ਸਾਹਿਬ 'ਚ ਬਣਾਇਆ ਸਿੱਖ ਅਜਾਇਬ ਘਰ
Friday, Nov 15, 2019 - 12:50 PM (IST)

ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਵਲੋਂ ਸਿੱਖਾਂ ਨੂੰ ਇਕ ਹੋਰ ਤੋਹਫਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਜ਼ਿਲਾ ਨਾਰੋਵਾਲ ਦੇ ਪਿੰਡ ਕੋਠੇ 'ਚ ਸਥਾਪਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨੇੜੇ ਉਸਾਰੀਆਂ ਡਿਊੜੀਆਂ 'ਚ ਪਾਕਿਸਤਾਨ ਸਰਕਾਰ ਵਲੋਂ ਖਾਲਸਾ ਅਜਾਇਬ ਘਰ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਅਜਾਇਬ ਘਰ ਨੂੰ 'ਸਮਾਰਟ ਮਿਊਜ਼ੀਅਮ' ਦਾ ਨਾਂਅ ਦਿੱਤਾ ਗਿਆ ਹੈ। ਇਸ 'ਚ 200 ਦੇ ਕਰੀਬ ਪੇਂਟਿੰਗ ਸਥਾਈ ਪ੍ਰਦਰਸ਼ਨੀ ਹਿਤ ਰੱਖੀਆਂ ਗਈਆਂ ਹਨ।
ਇਨ੍ਹਾਂ 'ਚ ਕੁਝ ਪੇਂਟਿੰਗਜ਼ ਸਿੱਖ ਰਾਜ ਅਤੇ ਕੁਝ ਉਸ ਤੋਂ ਪੁਰਾਣੀਆਂ ਹਨ। ਕੁਝ ਦੁਰਲਭ ਪੇਂਟਿੰਗ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਹ ਪੇਂਟਿੰਗਾਂ ਨਾ ਤਾਂ ਪਹਿਲਾਂ ਕਦੇ ਜਨਤਕ ਕੀਤੀਆਂ ਗਈਆਂ ਸਨ ਅਤੇ ਨਾ ਹੀ ਉਨ੍ਹਾਂ ਬਾਰੇ ਇਤਿਹਾਸਕ ਦਸਤਾਵੇਜ਼ਾਂ 'ਚ ਵਧੇਰੇ ਜਾਣਕਾਰੀ ਹੀ ਦਰਜ ਹੈ। ਉਕਤ ਅਜਾਇਬ ਘਰ 'ਚ ਪਾਕਿਸਤਾਨ ਸਥਿਤ ਗੁਰਦੁਆਰਿਆਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ), ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ (ਡੇਰਾ ਸਾਹਿਬ ਲਾਹੌਰ), ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਦੀ ਦੇਸ਼ ਵੰਡ ਤੋਂ ਪਹਿਆਂ ਦੀ ਡਿਉੜੀ ਦੀ ਪੇਂਟਿੰਗ, ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਮਾਲ ਜੀ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਸਮਾਧ ਭਾਈ ਮਨੀ ਸਿੰਘ, ਗੁਰਦੁਆਰਾ ਸਾਹੀਵਾਲ, ਸਮਾਧ ਅਤੇ ਗੁਰਦੁਆਰਾ ਸੰਧਾਵਾਲੀਆ, ਸਮਾਧ ਮਹਾਰਾਜਾ ਰਣਜੀਤ ਸਿੰਘ ਆਦਿ ਸਮੇਤ ਦਸ ਗੁਰੂ ਸਹਿਬਾਨ ਦੀਆਂ ਪੈਨਸਿਲ ਨਾਲ ਬਣੀਆਂ ਪੇਂਟਿੰਗ, ਕਰਤਾਰਪੁਰ ਕੋਰੀਡੋਰ, ਨਿਹੰਗ ਸਿੰਘਾਂ, ਗਿਆਨੀ ਗੁਰਮੁਖ ਸਿੰਘ ਆਦਿ ਇਸ ਪ੍ਰਦਰਸ਼ਨੀ ਨੂੰ ਚਾਰ-ਚੰਨ ਲਗਾ ਰਹੀਆਂ ਹਨ।
ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮੌਕੇ 'ਹਾਅ ਦਾ ਨਾਅਰਾ' ਮਾਰਦੇ ਹੋਏ ਸਾਂਈ ਮੀਆਂ ਮੀਰ ਦੀ ਅਤੇ ਮੁਗਲ ਬੇਗਮ ਨੂਰਜਹਾਂ ਦੇ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਰਗੀਆਂ ਕੁਝ ਦੁਰਲਭ ਤਸਵੀਰਾਂ ਯਾਤਰੂਆਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।