ਸਰੂਪਾਂ ਦੇ ਮਾਮਲੇ 'ਚ ਫ਼ੌਜਦਾਰੀ ਮੁਕੱਦਮੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਯੂ-ਟਰਨ ਦੀ ਭਾਈ ਲੌਂਗੋਵਾਲ ਨੇ ਦੱਸੀ ਵਜ੍ਹਾ
Thursday, Oct 08, 2020 - 01:20 PM (IST)
ਅੰਮ੍ਰਿਤਸਰ (ਅਨਜਾਣ) : 328 ਪਾਵਨ ਸਰੂਪਾਂ ਦੇ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਕਾਰਜਕਰਨੀ ਨੂੰ ਲਗਾਈ ਗਈ ਸੇਵਾ ਦੂਸਰੇ ਦਿਨ ਵੀ ਜਾਰੀ ਰਹੀ। ਇਹ ਸੇਵਾ ਸਾਰਾਗੜ੍ਹੀ ਸਰਾਂ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੱਕ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਿਛਲੇ ਦਿਨੀਂ 2016 ਦੀ ਪਾਵਨ ਸਰੂਪਾਂ ਦੀ ਹੋਈ ਮੰਦਭਾਗੀ ਘਟਣਾ ਕਾਰਨ ਮੈਂ ਤੇ ਮੇਰੇ ਨਾਲ ਮੌਜੂਦਾ ਕਾਰਜਕਰਨੀ ਦੇ ਮੈਂਬਰ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਹੋਏ ਸਨ ਤੇ ਪੰਜ ਸਿੰਘ ਸਾਹਿਬਾਨ ਵਲੋਂ ਤਿੰਨ ਦਿਨ ਲਈ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੀ ਸਰਾਂ ਤੋਂ ਲੈ ਕੇ ਦਰਸ਼ਨੀ ਡਿਓੜੀ ਤੱਕ ਝਾੜੂ ਦੀ ਸੇਵਾ ਲਗਾਈ ਗਈ ਸੀ। ਇਸਦੇ ਇਲਾਵਾ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਲਈ ਇਕ-ਇਕ ਸ੍ਰੀ ਅਖੰਡਪਾਠ ਸਾਹਿਬ ਕਰਵਾਉਣ ਦਾ ਆਦੇਸ਼ ਹੋਇਆ ਸੀ ਜੋ ਨਿਭਾ ਰਹੇ ਹਾਂ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : ਘਰ 'ਚ ਇਕੱਲੇ ਰਹਿੰਦੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਦੋਸ਼ੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੀ ਭੇਟਾ ਲੈ ਕੇ ਆਪਣੀਆਂ ਜੇਬਾਂ 'ਚ ਪਾਈ ਤੇ ਰਿਕਾਰਡ ਵੀ ਖੁਰਦ-ਬੁਰਦ ਕੀਤਾ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇ ਕੇ ਮੁਅੱਤਲ ਤੇ ਬਰਖ਼ਾਸਤ ਕੀਤਾ ਹੈ। ਆਪਣੇ ਪਹਿਲੇ ਫੈਸਲੇ ਤੋਂ ਯੂ-ਟਰਨ ਲੈਣ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਸਾਰੀਆਂ ਜਥੇਬੰਦੀਆ ਦੇ ਫੋਨ ਆਏ ਸਨ ਇਸ ਲਈ ਫ਼ੌਜਦਾਰੀ ਮੁੱਕਦਮੇ ਨਹੀਂ ਕਰਨੇ ਚਾਹੀਦੇ ਇਸ ਲਈ ਨਹੀਂ ਕੀਤੇ ਗਏ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀਆਂ ਨੂੰ ਬਹੁਤ ਵਾਰ ਟੇਬਲ ਟਾਸਕ ਲਈ ਸੱਦਾ ਦੇ ਚੁੱਕੇ ਹਾਂ ਪਰ ਪਤਾ ਨਹੀਂ ਉਨ੍ਹਾਂ ਮਗਰ ਕਿਹੜੀਆਂ ਸਿਆਸੀ ਸ਼ਕਤੀਆਂ ਕੰਮ ਕਰ ਰਹੀਆਂ ਨੇ ਜੋ ਉਹ ਗੱਲਬਾਤ ਕਰਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਮੁਕੱਦਸ ਅਸਥਾਨ ਹੈ ਜਿੱਥੇ ਦੇਸ਼-ਵਿਦੇਸ਼ ਤੋਂ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ ਤੇ ਇਸ ਪਵਿੱਤਰ ਅਸਥਾਨ 'ਤੇ ਧਰਨੇ ਲਗਾਉਣੇ, ਰੋਸ ਮੁਜ਼ਾਹਰੇ ਕਰਨੇ ਤੇ ਭੱਦੇ ਸ਼ਬਦ ਵਰਤਣੇ ਸ਼ੋਭਾ ਨਹੀਂ ਦਿੰਦੇ।
ਇਹ ਵੀ ਪੜ੍ਹੋ : ਪਤੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਪਤਨੀ ਨੇ ਦੱਸੀਆਂ ਹੈਰਾਨੀਜਨਕ ਗੱਲਾਂ, ਪੁੱਤ ਦੀ ਹਾਲਤ ਜਾਣ ਆਵੇਗਾ ਰੋਣਾ