ਰੇਲਵੇ ਸਟੇਸ਼ਨ ਨੇੜੇ ਚੌਕ ''ਚ ਲੱਗੇਗਾ ਮਾ. ਤਾਰਾ ਸਿੰਘ ਦਾ ਯਾਦਗਾਰੀ ਬੁੱਤ : ਨਵਜੋਤ ਸਿੰਘ ਸਿੱਧੂ
Monday, Jun 25, 2018 - 07:15 AM (IST)
ਅੰਮ੍ਰਿਤਸਰ (ਮਹਿੰਦਰ, ਵਾਲੀਆ, ਕਮਲ) - ਪੰਜਾਬ ਸਰਕਾਰ ਵੱਲੋਂ ਪੰਥਕ ਆਗੂ ਮਾ. ਤਾਰਾ ਸਿੰਘ ਦੀ ਯਾਦ 'ਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੇੜੇ ਬਣ ਰਹੇ ਨਵੇਂ ਪੁਲ ਦਾ ਨਾਂ ਮਾ. ਤਾਰਾ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਪੁਲ 'ਤੇ ਬਣਨ ਵਾਲੇ ਚੌਕ 'ਚ ਉਨ੍ਹਾਂ ਦਾ ਆਦਮ ਕੱਦ ਬੁੱਤ ਵੀ ਲਾਇਆ ਜਾਵੇਗਾ ਤੇ ਮਾ. ਤਾਰਾ ਸਿੰਘ ਦੇ ਪੁਤਲੀਘਰ ਨੇੜੇ ਸਥਿਤ ਘਰ ਨੂੰ ਜਾਂਦੀ ਗਲੀ ਦਾ ਨਾਂ ਵੀ ਮਾ. ਤਾਰਾ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਵਾਲੇ ਜੇਕਰ ਮਾ. ਤਾਰਾ ਸਿੰਘ ਦੇ ਘਰ ਦਾ ਕੁਝ ਹਿੱਸਾ ਦੇਣ ਤਾਂ ਅਸੀਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਲਈ ਮਾਸਟਰ ਜੀ ਦੇ ਨਾਂ 'ਤੇ ਮਿਊਜ਼ੀਅਮ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਸਟਰ ਜੀ ਦੀਆਂ ਯਾਦਗਾਰੀ ਵਸਤਾਂ ਜੰਗ-ਏ-ਆਜ਼ਾਦੀ ਮਿਊਜ਼ੀਅਮ 'ਚ ਵੀ ਰੱਖਣ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ ਤਾਂ ਕਿ ਸਾਡੀ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਤੇ ਕੌਮ ਲਈ ਆਪਾ ਵਾਰਨ ਦੀ ਪ੍ਰੇਰਨਾ ਮਿਲ ਸਕੇ।
ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ. ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਯਾਦਗਾਰ ਉਨ੍ਹਾਂ ਦੇ ਪਰਿਵਾਰ ਦੀ ਇੱਛਾ ਅਨੁਸਾਰ ਬਣਾਈ ਜਾਵੇਗੀ ਤੇ ਜਿਥੇ ਉਹ ਕਹਿਣਗੇ, ਉਥੇ ਇਹ ਯਾਦਗਾਰ ਬਣੇਗੀ। ਉਨ੍ਹਾਂ ਕਿਹਾ ਕਿ ਮਾ. ਤਾਰਾ ਸਿੰਘ ਪੰਥ ਦੇ ਉਹ ਆਗੂ ਸਨ, ਜੋ ਪੀੜ੍ਹੀ ਦਰ ਪੀੜ੍ਹੀ ਲੋਕ ਦਿਲਾਂ 'ਤੇ ਰਾਜ ਕਰਦੇ ਰਹਿਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਪ੍ਰੋਗਰਾਮ ਕਰਵਾਉਣ ਲਈ ਧੰਨਵਾਦ ਕਰਦੇ ਹੋਏ ਸ. ਸਿੱਧੂ ਨੇ ਕਿਹਾ ਕਿ 'ਮੈਂ ਮਰਾਂ-ਮੇਰਾ ਪੰਥ ਜੀਵੇ' ਦੀ ਸੋਚ 'ਤੇ ਚੱਲਣ ਵਾਲੇ ਨੇਤਾਵਾਂ ਦੀ ਯਾਦ 'ਚ ਹੋਏ ਸਮਾਗਮ ਕੌਮਾਂ ਲਈ ਪ੍ਰੇਰਨਾ ਦਾ ਸਰੋਤ ਹਨ।
ਮਾ. ਤਾਰਾ ਸਿੰਘ ਨੂੰ ਯਾਦ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਉਹ ਕੌਮ ਦੇ ਅਜਿਹੇ ਆਗੂ ਸਨ, ਜਿਨ੍ਹਾਂ ਨੇ ਸਾਰੀ ਉਮਰ ਪੰਥ ਦੇ ਭਲੇ ਤੇ ਕੌਮ ਦੀ ਇਕਜੁੱਟਤਾ ਲਈ ਕੰਮ ਕੀਤਾ ਤੇ ਆਪਣਾ ਨਿੱਜ ਤਿਆਗ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਚਰਿੱਤਰ ਨਿਰਮਾਣ ਲਈ ਮਾ. ਤਾਰਾ ਸਿੰਘ ਵਰਗੇ ਨੇਤਾਵਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ, ਜਿਨ੍ਹਾਂ ਨੇ ਦੇਸ਼-ਕੌਮ ਦੇ ਭਲੇ ਲਈ ਨਿੱਜੀ ਹਿੱਤਾਂ ਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੰਮ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਮਾ. ਤਾਰਾ ਸਿੰਘ ਦੇ ਪੋਤ-ਨੂੰਹ ਡਾ. ਜਸਪ੍ਰੀਤ ਕੌਰ ਨੇ ਉਨ੍ਹਾਂ ਦੇ ਸੁੰਤਰਤਾ ਸੰਗਰਾਮ, ਗੁਰਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬੇ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਈ ਅਣਛੂਹੇ ਵਰਕੇ ਸਰੋਤਿਆਂ ਨਾਲ ਸਾਂਝੇ ਕੀਤੇ। ਸੰਤ ਸਿੰਘ ਸੁੱਖਾ ਸਿੰਘ ਸੰਸਥਾਵਾਂ ਦੇ ਚੇਅਰਮੈਨ ਪ੍ਰਿੰ. ਜਗਦੀਸ਼ ਸਿੰਘ ਜਿਨ੍ਹਾਂ ਨੂੰ ਜਵਾਨੀ ਵਿਚ ਮਾ. ਤਾਰਾ ਸਿੰਘ ਨਾਲ ਵਿਚਰਨ ਦਾ ਮੌਕਾ ਮਿਲਿਆ, ਨੇ ਦੱਸਿਆ ਕਿ ਉਹ ਆਪ ਗਰੀਬੀ ਵਿਚ ਰਹੇ ਪਰ ਪੰਥ ਦੇ ਪੈਸੇ ਦੀ ਵਰਤੋਂ ਕਿਸੇ ਫਾਲਤੂ ਕੰਮ ਲਈ ਨਾ ਕੀਤੀ ਤੇ ਨਾ ਕਰਨ ਦਿੱਤੀ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਵੱਲੋਂ ਮਾ. ਤਾਰਾ ਸਿੰਘ ਦੀ ਪੋਤ-ਨੂੰਹ ਡਾ. ਜਸਪ੍ਰੀਤ ਕੌਰ ਤੇ ਪੜਦੋਤਰੇ ਨਵਰੀਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਪ੍ਰੋਗਰਾਮ 'ਚ ਗੁਰਿੰਦਰ ਮਕਨਾ ਥੀਏਟਰ ਗਰੁੱਪ ਵੱਲੋਂ ਤੰਦਰੁਸਤ ਪੰਜਾਬ ਦੀ ਬਾਤ ਪਾਉਂਦਾ ਨਾਟਕ 'ਮੇਰਾ ਖੁਆਬ-ਤੰਦਰੁਸਤ ਪੰਜਾਬ' ਵੀ ਖੇਡਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਤੇ ਸੁਭਾਸ਼ ਸ਼ਰਮਾ, ਡੀ. ਸੀ. ਪੀ. ਅਮਰੀਕ ਸਿੰਘ ਪੁਆਰ, ਐੱਸ. ਡੀ. ਐੱਮ. ਨਿਤੀਸ਼ ਸਿੰਗਲਾ, ਵਿਕਾਸ ਹੀਰਾ, ਡਾ. ਰਜਤ ਓਬਰਾਏ ਤੇ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਅਲਕਾ ਕਾਲੀਆ ਤੇ ਕੁਲਦੀਪ ਬਾਵਾ, ਕਾਰਜਕਾਰੀ ਮੈਜਿਸਟ੍ਰੇਟ ਸ਼ਿਵਰਾਜ ਸਿੰਘ ਬੱਲ ਤੇ ਹੋਰ ਅਧਿਕਾਰੀ ਹਾਜ਼ਰ ਸਨ।
