ਹਾਦਸੇ ਦੇ 62 ਘੰਟਿਆਂ ਬਾਅਦ ਮਿੱਠੂ ਨੇ ਆਪਣੀ ਸਫਾਈ ਵਿਚ ਜਾਰੀ ਕੀਤਾ ਵੀਡੀਓ
Tuesday, Oct 23, 2018 - 01:27 PM (IST)
ਅੰਮ੍ਰਿਤਸਰ (ਸੰਜੀਵ)—ਅੰਮ੍ਰਿਤਸਰ ਰੇਲ ਹਾਦਸੇ ਵਿਚ ਹੋਈਆਂ 62 ਮੌਤਾਂ ਦੀ ਜ਼ਿੰਮੇਵਾਰੀ ਕਿਸ ਦੀ ਹੈ। ਅੱਜ ਤੀਸਰੇ ਦਿਨ ਵੀ ਇਹ ਸਵਾਲ ਜਿਉਂ ਦਾ ਤਿਉਂ ਖੜ੍ਹਾ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਹਾਦਸੇ ਦੀ ਜਾਂਚ ਸਬੰਧੀ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਅੱਜ ਜਿਥੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਉਥੇ ਹੀ ਦੂਜੇ ਪਾਸੇ ਅਤੇ ਦੁਸਹਿਰੇ ਦੇ ਤਿਉਹਾਰ ਦੇ ਪ੍ਰਬੰਧਕ ਸੌਰਵ ਮਦਾਨ ਮਿੱਠੂ ਨੇ ਵੀ ਆਪਣੀ ਸਫਾਈ ਦੀ 62 ਘੰਟੇ ਬਾਅਦ ਵੀਡੀਓ ਰਿਲੀਜ਼ ਕੀਤੀ ਹੈ।
ਕੀ ਹੈ ਵੀਡੀਓ ਵਿਚ
ਵੀਡੀਓ ਵਿਚ ਸੌਰਵ ਮਦਾਨ ਮਿੱਠੂ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਨਾਲ ਮਾਸੂਮ ਦੱਸ ਕੇ ਲੋਕਾਂ ਨੂੰ ਉਸ ਦਾ ਸਾਥ ਦੇਣ ਦੀ ਅਪੀਲ ਕੀਤੀ। ਜਾਰੀ ਕੀਤੀ ਗਈ ਵੀਡੀਓ ਵਿਚ ਕਾਂਗਰਸੀ ਕੌਂਸਲਰ ਮਿੱਠੂ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪੁਲਸ ਪ੍ਰਸ਼ਾਸਨ ਤੋਂ ਦੁਸਹਿਰਾ ਤਿਉਹਾਰ ਦੇ ਪ੍ਰਬੰਧ ਦੀ ਪਰਮਿਸ਼ਨ ਲਈ ਸੀ। ਰਾਵਣ ਦਹਿਨ ਦੇ ਆਲੇ-ਦੁਆਲੇ 20 ਫੁੱਟ ਦਾ ਘੇਰਾ ਬਣਾਇਆ ਸੀ, 50 ਤੋਂ 100 ਪੁਲਸ ਮੁਲਾਜ਼ਮ ਡਿਊਟੀ 'ਤੇ ਸਨ, ਕਾਰਪੋਰੇਸ਼ਨ ਵੱਲੋਂ ਫਾਇਰ ਬ੍ਰਿਗੇਡ ਅਤੇ ਪਾਣੀ ਦਾ ਟੈਂਕਰ ਆਇਆ ਹੋਇਆ ਸੀ ਜਿਥੇ ਦੁਸਹਿਰਾ ਕਰਵਾਇਆ ਗਿਆ ਉਹ ਬਾਊਂਡਰੀ ਵਾਲ ਦੇ ਅੰਦਰ ਇਕ ਗਰਾਊਂਡ ਵਿਚ ਸੀ ਨਾ ਕਿ ਲਾਈਨਾਂ ਵਿਚ। ਜਿਸ ਗਰਾਊਂਡ ਵਿਚ ਦੁਸਹਿਰਾ ਤਿਉਹਾਰ ਮਨਾਇਆ ਗਿਆ ਉਥੇ 10 ਫੁੱਟ ਉੱਚੀ ਦੀਵਾਰ ਸੀ ਅਤੇ ਲੋਕ ਦੂਜੇ ਪਾਸੇ ਲਾਈਨਾਂ ਵਿਚ ਖੜ੍ਹੇ ਸਨ, ਜਦੋਂ ਟਰੇਨ ਆਈ ਕਿਸੇ ਨੂੰ ਪਤਾ ਨਹੀਂ ਲੱਗਾ, ਇਹ ਕੁਦਰਤੀ ਹਾਦਸਾ ਸੀ। ਅੱਜ ਜਾਰੀ ਹੋਈ ਵੀਡੀਓ ਦਾ ਦੂਜਾ ਪਹਿਲੂ ਕੁੱਝ ਹੋਰ ਹੀ ਬਿਆਨ ਕਰਦਾ ਹੈ। ਰੇਲ ਹਾਦਸੇ ਦੇ ਤੁਰੰਤ ਬਾਅਦ ਜਾਰੀ ਹੋਏ ਇਕ ਵੀਡੀਓ ਦਾ ਸੱਚ ਕੁੱਝ ਹੋਰ ਹੀ ਸੀ, ਜਿਸ ਵਿਚ ਰਾਵਣ ਦਹਿਨ ਤੋਂ ਪਹਿਲਾਂ ਸਮਾਰੋਹ ਦੀ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ ਸਟੇਜ 'ਤੇ ਸੀ, ਜਿਥੋਂ ਮਾਈਕ 'ਤੇ ਇਹ ਜ਼ੋਰ-ਜ਼ੋਰ ਨਾਲ ਅਨਾਊਂਸਮੈਂਟ ਚੱਲ ਰਹੀ ਸੀ ਕਿ ਮੈਡਮ ਜੀ ਇਧਰ ਦੇਖੋ ਬੇਸ਼ੱਕ 500 ਗੱਡੀਆਂ ਲੰਘ ਜਾਣ ਰੇਲਵੇ ਲਾਈਨ 'ਤੇ 5 ਹਜ਼ਾਰ ਤੋਂ ਜ਼ਿਆਦਾ ਲੋਕ ਖੜ੍ਹੇ ਹਨ, ਕੋਈ ਵੀ ਉਥੋਂ ਨਹੀਂ ਹਟੇਗਾ ਜਿਸ ਦੇ ਕੁੱਝ ਸਮਾਂ ਬਾਅਦ ਰਾਵਣ ਦਹਿਨ ਹੋਇਆ ਅਤੇ ਉਸ ਦੌਰਾਨ ਦੋਵੇਂ ਰੇਲਵੇ ਟਰੈਕਾਂ 'ਤੇ ਆਈਆਂ ਗੱਡੀਆਂ ਨੇ ਖੜ੍ਹੀ ਭੀੜ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ।