ਅੰਮ੍ਰਿਤਸਰ ਰੇਲ ਹਾਦਸਾ : ਇਕ ਹੀ ਪਰਿਵਾਰ ਦੇ ਬੁਝੇ 4 ਚਿਰਾਗ
Saturday, Oct 20, 2018 - 05:21 PM (IST)
ਅੰਮ੍ਰਿਤਸਰ (ਬਿਊਰੋ) : ਜੌੜਾ ਫਾਟਕ ਕੋਲ ਹੋਏ ਰੇਲ ਹਾਦਸੇ 'ਚ ਵੱਡੀ ਗਿਣਤੀ ਵਿਚ ਹੋਈ ਲੋਕਾਂ ਦੀ ਮੌਤ ਦੇ ਕਾਰਨ ਉਥੋਂ ਦੇ ਵਾਸੀਆਂ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਜਨਤਾ ਇਸ ਹਾਦਸੇ ਦੀ ਸਾਰੀ ਜ਼ਿੰਮੇਵਾਰੀ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ 'ਤੇ ਸੁੱਟ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿਸ ਗਰਾਊਂਡ 'ਚ ਰਾਵਣ ਦੇ ਪੁਤਲੇ ਨੂੰ ਸਾੜਿਆ ਗਿਆ, ਉਥੇ 2000 ਲੋਕਾਂ ਦੇ ਖੜ੍ਹੇ ਹੋਣ ਲਈ ਜਗ੍ਹਾ ਹੀ ਨਹੀਂ ਸੀ ਤੇ ਪ੍ਰਸ਼ਾਸਨ ਨੇ ਉਥੋਂ ਅਜਿਹਾ ਪ੍ਰੋਗਰਾਮ ਰੱਖਣ ਦੀ ਇਜਾਜ਼ਤ ਹੀ ਕਿਵੇਂ ਦਿੱਤੀ। ਪਿਛਲੇ ਸਾਲ ਇਥੇ ਰਾਵਣ ਸਾੜਨ ਦਾ ਪ੍ਰੋਗਰਾਮ ਨਹੀਂ ਰੱਖਿਆ ਗਿਆ ਸੀ ਕਿਉਂਕਿ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਅੱਜ ਕਾਂਗਰਸ ਸਰਕਾਰ ਹੋਣ ਕਾਰਨ ਉਨ੍ਹਾਂ ਨੇ ਇਜਾਜ਼ਤ ਲਈ ਵੀ ਹੈ ਜਾਂ ਨਹੀਂ, ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਅਤੇ ਜੇਕਰ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਦਿੱਤੀ ਹੈ ਤਾਂ ਗਲਤ ਕੀਤਾ ਹੈ। ਜੇਕਰ ਇਥੇ ਰਾਵਣ ਸਾੜਨ ਦਾ ਪ੍ਰੋਗਰਾਮ ਨਾ ਕੀਤਾ ਜਾਂਦਾ ਤਾਂ ਸ਼ਾਇਦ ਇੰਨਾ ਵੱਡਾ ਹਾਦਸਾ ਨਾ ਹੁੰਦਾ।
ਸਿਵਲ ਹਸਪਤਾਲ ਵਿਚ 45, ਗੁਰੂ ਰਾਮਦਾਸ ਹਸਪਤਾਲ 'ਚ 16, ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ 45 ਕੁਲ ਗਿਣਤੀ 96 ਹੋ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੋਈ ਕਿ ਹਾਦਸੇ ਦੇ ਸਮੇਂ ਜੋ ਰਾਜਨੀਤਕ ਲੋਕ ਰਾਵਣ ਸਾੜ ਰਹੇ ਸਨ, ਉਥੋਂ ਭੱਜ ਨਿਕਲੇ। ਮਰਨ ਵਾਲਿਆਂ ਦੀ ਗਿਣਤੀ 100 ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਲੋਕਾਂ ਵਿਚ ਭਾਰੀ ਗੁੱਸੇ ਕਾਰਨ ਕੋਈ ਵੀ ਰਾਜਨੀਤਕ, ਪੁਲਸ ਅਧਿਕਾਰੀ ਜਨਤਾ ਨੂੰ ਜਵਾਬ ਨਹੀਂ ਦੇ ਰਿਹਾ ਸੀ। ਸ਼ਾਇਦ ਪੰਜਾਬ ਦਾ ਇਹ ਸਭ ਤੋਂ ਵੱਡਾ ਰੇਲ ਹਾਦਸਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ।
ਸਿਵਲ ਹਸਪਤਾਲ 'ਚ ਰਾਮਨਾਥ ਨੇ ਰੋਂਦੇ ਹੋਏ ਦੱਸਿਆ ਕਿ ਮੇਰੇ ਪਰਿਵਾਰ ਦੇ 4 ਮੈਂਬਰ ਇਸ ਹਾਦਸੇ ਵਿਚ ਮਾਰੇ ਗਏ ਹਨ। ਉਸ ਦੀ ਭੈਣ ਨਿਰਮਲਾ (45), ਲੜਕੀ ਕੁਸਮ (23), ਉਸ ਦੀ ਭੈਣ ਦੀ ਨੂੰਹ ਜਿਸ ਦੇ ਵਿਆਹ ਨੂੰ ਹੋਏ 2 ਮਹੀਨੇ ਵੀ ਨਹੀਂ ਹੋਏ ਅਤੇ ਉਸ ਦੀ ਧੀ ਨੀਤੂ (25) ਹੈ। ਇਕ ਸਾਥ ਹੀ ਉਨ੍ਹਾਂ ਦੇ 4 ਪਰਿਵਾਰਕ ਮੈਂਬਰ ਉਨ੍ਹਾਂ ਨੂੰ ਛੱਡ ਕੇ ਚਲੇ ਗਏ। ਦੁੱਖ ਦੀ ਗੱਲ ਇਹ ਹੈ ਕਿ ਉਥੇ ਕਿਸੇ ਪੁਲਸ ਵਾਲੇ, ਕਿਸੇ ਪ੍ਰਬੰਧਕੀ ਅਧਿਕਾਰੀ ਜਾਂ ਕਿਸੇ ਐਂਬੂਲੈਂਸ ਵਾਲੇ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਖੁਦ ਚੁੱਕ ਕੇ ਐਂਬੂਲੈਂਸ ਵਿਚ ਰੱਖੀਆਂ ਤੇ ਹਸਪਤਾਲ ਲੈ ਕੇ ਗਏ। ਸ਼ਾਇਦ ਕਿਸੇ ਦੀ ਜਾਨ ਬਚ ਸਕੇ ਪਰ ਹਸਪਤਾਲ ਪੁੱਜਣ 'ਤੇ ਪਤਾ ਲੱਗਾ ਕਿ ਚਾਰਾਂ ਨੇ ਹੀ ਦਮ ਤੋੜ ਦਿੱਤਾ ਹੈ।
