PM ਮੋਦੀ ਦੇ ਬਿਆਨ 'ਤੇ ਜਥੇਦਾਰ ਮੰਡ ਵਲੋਂ ਸਮੂਹ ਸਿੱਖ ਸੰਸਥਾਵਾਂ ਨੂੰ ਕੇਸ ਦਰਜ ਕਰਾਉਣ ਦੇ ਆਦੇਸ਼
Thursday, Aug 27, 2020 - 04:44 PM (IST)
ਅੰਮ੍ਰਿਤਸਰ (ਅਨਜਾਣ, ਸੁਮਿਤ) : ਸਰਬੱਤ ਖ਼ਾਲਸਾ ਵਲੋਂ ਥਾਪੇ ਅਕਾਲ ਤਖ਼ਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਸਿੱਖ ਸੰਸਥਾਵਾਂ ਨੂੰ ਆਦੇਸ਼ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਦਿਨੀਂ ਅਯੁੱਧਿਆ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੋਬਿੰਦ ਰਾਮਾਇਣ ਦੀ ਰਚਨਾ ਕਰਨ ਸੰਬੰਧੀ ਦਿੱਤੇ ਬਿਆਨ ਦੇ ਵਿਰੋਧ 'ਚ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਾਉਣ। ਇਸ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਬਿਆਨ ਨਾਲ ਸਿੱਖ ਜਗਤ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਕਹਿ ਕੇ ਸਿੱਖ ਕੌਮ ਦੀ ਨਿਆਰੀ ਹਸਤੀ ਨੂੰ ਨੇਸਤੋਨਾਬੂਦ ਕਰਨ ਅਤੇ ਸਿੱਖਾਂ ਨੂੰ ਹਿੰਦੂ ਕੌਮ ਦਾ ਹਿੱਸਾ ਸਾਬਤ ਕਰਨ ਦੀ ਕੋਝੀ ਹਰਕਤ ਕੀਤੀ ਹੈ। ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨੂੰ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ ਤੇ ਆਪਣੇ ਬਿਆਨ ਵਾਪਸ ਲੈਣ ਦਾ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਪ੍ਰਧਾਨ ਮੰਤਰੀ ਵਲੋਂ ਕੋਈ ਪ੍ਰਤੀਕਰਮ ਨਹੀਂ ਮਿਲਿਆ। ਇਸ ਲਈ ਸਮੂਹ ਸੰਗਤਾਂ ਆਪਣੇ ਨੇੜੇ ਦੇ ਥਾਣਿਆਂ ਜਾਂ ਪੁਲਸ ਉੱਚ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਖਿਲਾਫ਼ ਧਾਰਾ 295-ਏ ਤਹਿਤ 15 ਸਤੰਬਰ 2020 ਤੱਕ ਮੁਕਦਮਾ ਦਰਜ ਕਰਨ ਲਈ ਸ਼ਿਕਾਇਤ ਪੱਤਰ ਸੌਂਪਣ।
ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਜੁਗਾੜੂ ਕਾਢ, ਸਾਈਕਲ- ਸਕੂਟਰ ਦਾ ਅਨੋਖਾ ਜੋੜ ਬਣਿਆ ਚਰਚਾ ਦਾ ਵਿਸ਼ਾ (ਤਸਵੀਰਾਂ)
ਉਨ੍ਹਾਂ ਖੁਦ ਵੀ ਅੰਮ੍ਰਿਤਸਰ ਦੇ ਕੌਤਵਾਲੀ ਥਾਣੇ ਦੇ ਐੱਸ. ਐੱਚ. ਓ. ਨੂੰ ਪ੍ਰਧਾਨ ਮੰਤਰੀ ਖ਼ਿਲਾਫ਼ ਸ਼ਿਕਾਇਤ ਪੱਤਰ ਸੌਂਪਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ਦਾ ਰੁੱਖ ਕਰਨਗੇ। ਇਸ ਮੌਕੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਨੇ ਕਿਹਾ ਕਿ ਦਰਖਾਸਤ ਪੜ੍ਹ ਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਜਥੇਦਾਰ ਮੰਡ ਨੇ ਪ੍ਰਧਾਨ ਮੰਤਰੀ ਖ਼ਿਲਾਫ਼ ਕੇਸ ਰਜਿਸਟਰਡ ਕਰਵਾਉਣ ਲਈ ਇਕ 11 ਮੈਂਬਰੀ ਕਮੇਟੀ ਦਾ ਐਲਾਨ ਵੀ ਕੀਤਾ। ਜਿਸ 'ਚ ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸਖੀਰਾ, ਗੁਰਸੇਵਕ ਸਿੰਘ ਜਵਾਹਰਕੇ, ਪ੍ਰਮਿੰਦਰ ਸਿੰਘ ਵਾਲਿਆਂ ਵਾਲੀ, ਪਰਮਜੀਤ ਸਿੰਘ ਸਹੌਲੀ ਤੇ ਹਰਪਾਲ ਸਿੰਘ ਬਲੇਰ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ : ਰਾਵੀ ਦਰਿਆ 'ਤੇ ਪਾਕਿ ਇੰਜੀਨੀਅਰਾਂ ਨੇ ਕੀਤਾ ਨਿਰੀਖਣ, ਇੰਨੇ ਸਮੇਂ 'ਚ ਪੁਲ ਬਣਨ ਦੀ ਸੰਭਾਵਨਾ
ਕੁਝ ਜਥੇਬੰਧੀਆਂ ਵਲੋਂ ਭਾਈ ਮੰਡ ਕੋਲੋਂ ਅਸਤੀਫ਼ਾ ਲੈਣ ਬਾਰੇ ਗੱਲ ਕੀਤੀ ਗਈ ਸੀ ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਬੁਲਾਉਣ ਜੋ ਫ਼ੈਸਲਾ ਹੋਵੇਗਾ ਮੰਨਾਂਗਾ। ਉਨ੍ਹਾਂ ਕਿਹਾ ਕਿ ਮੈਨੂੰ ਜਥੇਦਾਰ ਹਵਾਰਾ ਦੀ ਜਗ੍ਹਾ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਹੈ ਤੇ ਮੈਂ ਸਮੇਂ-ਸਮੇਂ ਪੰਥ ਦੀ ਗੱਲ ਕਰਦਾ ਰਹਾਂਗਾ। ਇਕ ਹੋਰ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੈਂ ਜਥੇਦਾਰ ਦਾਦੂਵਾਲ ਦਾ ਬਹੁਤ ਸਤਿਕਾਰ ਕਰਦਾ ਹਾਂ।