ਅੰਮ੍ਰਿਤਸਰ-ਪੱਟੀ ਰੋਡ ਜਾਮ ਕਰ ਕੇ ਕਿਸਾਨਾਂ ਨੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ
Monday, Jan 29, 2018 - 08:04 AM (IST)
ਤਰਨਤਾਰਨ, (ਰਾਜੂ)- ਕਿਸਾਨ ਸੰਘਰਸ਼ ਕਮੇਟੀ ਜ਼ਿਲਾ ਤਰਨਤਾਰਨ ਦੀ ਮੀਟਿੰਗ ਬਾਬਾ ਕਾਹਨ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਜ਼ਿਲੇ ਦੇ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਿੰਡਾਂ 'ਚ ਕਰਵਾਈਆਂ ਜਥੇਬੰਧਕ ਚੋਣਾਂ ਸਬੰਧੀ ਰਿਪੋਰਟਾਂ ਅਤੇ ਫੰਡ ਦਾ ਵੇਰਵਾ ਲਿਆ ਗਿਆ। ਮੀਟਿੰਗ ਉਪਰੰਤ ਕਿਸਾਨਾਂ ਨੇ ਮੋਟਰਾਂ 'ਤੇ ਮੀਟਰ ਲਾਉਣ ਦੇ ਰੋਸ ਵਜੋਂ ਅੰਮ੍ਰਿਤਸਰ-ਪੱਟੀ ਰੋਡ ਜਾਮ ਕਰ ਕੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸਕੱਤਰ ਜਸਬੀਰ ਸਿੰਘ ਪਿੱਦੀ ਤੇ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਕਰਜ਼ੇ ਦੀ ਮਾਰ ਹੇਠ ਲਗਾਤਾਰ ਖੁਦਕੁਸ਼ੀਆਂ ਕਰ ਰਿਹਾ ਹੈ ਪਰ ਕੈਪਟਨ ਸਰਕਾਰ ਹੋਰ ਕੋਈ ਰਾਹਤ ਦੇਣ ਦੀ
ਬਜਾਏ ਕਿਸਾਨਾਂ ਦੀਆਂ ਮੋਟਰਾਂ 'ਤੇ ਮੀਟਰ ਲਾਉਣ ਅਤੇ ਬਿੱਲ ਉਗਰਾਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ
ਦੇ ਇਸ ਫੈਸਲੇ ਦੀ ਇਕ ਮਤੇ ਰਾਹੀਂ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕੈਪਟਨ ਸਰਕਾਰ ਕਿਸਾਨ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ, ਨੌਜਵਾਨਾਂ ਨੂੰ 30 ਲੱਖ ਨੌਕਰੀਆਂ ਦੇਣ, ਬੁਢਾਪਾ ਪੈਨਸ਼ਨ 3500 ਰੁਪਏ ਕਰਨ, ਸ਼ਗਨ ਸਕੀਮ 51,000 ਰੁਪਏ ਅਤੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਂਟ ਦੇਣ ਦਾ ਚੋਣ ਵਾਅਦਾ ਭੁੱਲ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਮੋਟਰਾਂ 'ਤੇ ਮੀਟਰ ਲਾਉਣ ਆਈਆਂ ਪਾਵਰਕਾਮ ਦੀਆਂ ਟੀਮਾਂ ਦਾ ਪਿੰਡਾਂ 'ਚ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਜਵਾਹਰ ਸਿੰਘ, ਦਿਆਲ ਸਿੰਘ, ਸਲਵਿੰਦਰ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਕਸ਼ਮੀਰ ਸਿੰਘ, ਸੁਖਦੇਵ ਸਿੰਘ, ਜਗੀਰ ਸਿੰਘ, ਸਤਿੰਦਰ ਪਾਲ ਸਿੰਘ ਤੇ ਫਤਿਹ ਸਿੰਘ ਪਿੱਦੀ ਆਦਿ ਨੇ ਸੰਬੋਧਨ ਕੀਤਾ।