ਪਾਕਿ ਅੱਤਵਾਦ ਦਾ ਸਮਰਥਨ ਕਰਨੋਂ ਨਾ ਹਟਿਆ ਤਾਂ ਭਾਰਤ ਬੰਦ ਕਰੇਗਾ ਪਾਣੀ : ਗਡਕਰੀ (ਵੀਡੀਓ)

Wednesday, May 08, 2019 - 04:01 PM (IST)

ਅੰਮ੍ਰਿਤਸਰ : ਕੇਂਦਰੀ ਟਰਾਂਸਪੋਰਟ ਅਤੇ ਵਾਟਰ ਰਿਸੋਰਸ ਮੰਤਰੀ ਨਿਤਿਨ ਗਡਕਰੀ ਵਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ ਇਨ੍ਹਾਂ ਪੰਜਾ ਸਾਲਾਂ 'ਚ ਭਾਜਪਾ ਨੇ ਜੋ ਕੰਮ ਕੀਤਾ ਹੈ ਉਹ ਲੋਕਾਂ ਦੇ ਸਾਹਮਣੇ ਹੈ ਤੇ ਉਸ ਦੇ ਭਰੋਸੇ 'ਤੇ ਹੀ ਅਸੀਂ ਕੰਮ ਕਰ ਰਹੇ ਹਾਂ। ਇਸ ਮੌਕੇ ਉਨ੍ਹਾਂ ਨੇ ਜਿਥੇ ਭਾਜਪਾ ਸਰਕਾਰ ਦੀਆਂ ਉਪਲੱਬਧੀਆਂ ਗਿਣਵਾਈਆਂ, ਉਥੇ ਹੀ ਉਨ੍ਹਾਂ ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇਅ ਬਣਾਉਣ ਦਾ ਐਲਾਨ ਕੀਤਾ। ਇੰਨਾਂ ਹੀ ਨਹੀਂ ਉਨ੍ਹਾਂ ਪੰਜਾਬ 'ਚ ਪਾਣੀ ਦੀ ਸਮੱਸਿਆ ਦੇ ਹੱਲ ਦਾ ਵੀ ਵਾਅਦਾ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਉਹ ਪੰਜਾਬ ਦੀਆਂ ਨਦੀਆਂ 'ਤੇ ਛੇ ਡੈਮ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਲੋਂ ਜੇਕਰ ਅੱਤਵਾਦ ਦਾ ਸਮਰਥਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਭਾਰਤ ਇਸ ਨੂੰ ਪਾਣੀ ਦੇਣਾ ਬੰਦ ਕਰ ਦੇਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਕੋਲ ਪਾਣੀ ਦੇ ਬਹੁਤ ਸਾਰੇ ਸਾਧਨ ਹਨ ਅਤੇ ਇਸ ਵਲੋਂ ਹਜ਼ਾਰਾਂ ਕਿਊਸਿਕ ਪਾਣੀ ਸਮੁੰਦਰ 'ਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ-ਹਰਿਆਣਾ ਪਾਣੀ ਵਿਵਾਦ ਨੂੰ ਵੀ ਜਲਦੀ ਹੱਲ ਕਰ ਲਿਆ ਜਾਵੇਗਾ ਅਤੇ ਇਸ 'ਚ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾਵੇਗਾ।

ਇਸ ਮੌਕੇ ਨਿਤਿਨ ਗਡਕਰੀ ਨੇ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੋਰ ਕਹੇ ਜਾਣ ਦੀ ਆਲੋਚਨਾ ਕੀਤੀ ਤੇ ਉਨ੍ਹਾਂ ਵਲੋਂ ਮੰਗੀ ਮੁਆਫੀ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸੀ ਪਾਰਟੀ ਦਾ ਨਹੀਂ ਸਗੋਂ ਦੇਸ਼ ਦਾ ਹੁੰਦਾ ਹੈ।


author

Baljeet Kaur

Content Editor

Related News