ਐੱਮ.ਪੀ ਔਜਲਾ ਨੇ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਦਾ ਕੀਤਾ ਦੌਰਾ (ਵੀਡੀਓ)

Thursday, Jan 10, 2019 - 03:17 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਮਨੋਰੋਗ ਹਸਪਤਾਲ 'ਚ ਆਪਣਿਆਂ ਨੂੰ ਮਿਲਣ ਨੂੰ ਤਰਸਦੇ ਕਈ ਲੋਕ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੇ ਹਨ, ਜਿਨ੍ਹਾਂ ਦਾ ਇਲਾਜ਼ ਅੰਮ੍ਰਿਤਸਰ ਮਨੋਰੋਗ ਹਸਪਤਾਲ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਸਰਕਾਰੀ ਮਨੋਰੋਗ ਹਸਪਤਾਲ 'ਚ 250 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ 'ਚੋਂ ਕੁਝ ਠੀਕ ਹੋ ਚੁੱਕੇ ਹਨ ਪਰ ਸ਼ਾਇਦ ਇਨ੍ਹਾਂ ਦੇ ਆਪਣੇ ਇਨ੍ਹਾਂ ਨੂੰ ਵਿਸਾਰ ਚੁੱਕੇ ਹਨ। ਇਨ੍ਹਾਂ ਲੋਕਾਂ ਦਾ ਹਾਲ ਜਾਣਨ ਤੇ ਹਸਪਤਾਲ ਦੀਆਂ ਸਹਲੂਤਾਂ 'ਤੇ ਨਜ਼ਰ ਮਾਰਨ ਇੱਥੇ ਪਹੁੰਚੇ ਅੰਮ੍ਰਿਤਸਰ ਦੇ ਐੱਮ. ਪੀ. ਗੁਰਜੀਤ ਸਿੰਘ ਔਜਲਾ। ਔਜਲਾਂ ਨੇ ਨਾ ਸਿਰਫ ਹਸਪਤਾਲ ਦੀ ਸਹੂਲਤਾਂ 'ਤੇ ਨਜ਼ਰ ਮਾਰੀ ਸਗੋਂ ਇਨ੍ਹਾਂ ਦਰਦਮੰਦਾਂ ਦਾ ਦਰਦ ਵੀ ਵੰਡਾਇਆ। 

ਹਸਪਤਾਲ ਦੀਆਂ ਕਮੀਆਂ ਦਾ ਜ਼ਿਕਰ ਕਰਦੇ ਹੋਏ ਔਜਲਾ ਨੇ ਦੱਸਿਆ ਕਿ ਆਪਣੀ ਬਾਕੀ ਬਚੇ ਐੱਮ. ਪੀ. ਫੰਡ ਤੋਂ ਉਹ ਹਸਪਤਾਲ ਨੂੰ ਕੁਝ ਮਦਦ ਜ਼ਰੂਰ ਦੇਣਗੇ। ਹਸਪਤਾਲ ਦੇ ਡਾਇਰੈਕਟਰ ਨੇ ਦੱਸਿਆ ਕਿ 250 'ਚੋਂ 100 ਦੇ ਕਰੀਬ ਮਰੀਜ਼ ਅਜਿਹੇ ਹਨ ਜੋ ਠੀਕ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਘਰ ਨਹੀਂ ਲਿਜਾਣਾ ਚਾਹੁੰਦੇ। ਇਨ੍ਹਾਂ ਲੋਕਾਂ ਦਾ ਕੋਈ ਟਿਕਾਣਾ ਨਾ ਹੋਣ ਕਾਰਨ ਹਸਪਤਾਲ ਨੂੰ ਇਨ੍ਹਾਂ ਦੀ ਦੇਖ-ਭਾਲ ਕਰਨੀ ਪੈ ਰਹੀ ਹੈ।

ਔਜਲਾ ਨੇ ਜਦੋਂ ਇਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਤਾਂ ਕਈਆਂ ਨੇ ਉਨ੍ਹਾਂ ਨੂੰ ਫਰਿਆਦ ਕੀਤੀ ਕਿ ਉਨ੍ਹਾਂ ਨੂੰ ਘਰ ਲਿਜਾਇਆ ਜਾਵੇ। ਔਜਲਾ ਮੁਤਾਬਕ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਸ਼ੈਲਟਰ ਹੋਮਜ਼ 'ਚ ਭੇਜਿਆ ਜਾਵੇਗਾ ਤਾਂ ਜੋ ਉਹ ਆਰਾਮ ਨਾਲ ਆਪਣੀ ਜ਼ਿੰਦਗੀ ਬਸਰ ਕਰ ਸਕਣ। ਇਨ੍ਹਾਂ ਮਰੀਜ਼ਾਂ 'ਚੋਂ 10 ਲੋਕ ਪਾਕਿਸਤਾਨ ਦੇ ਵੀ ਹਨ, ਜਿਨ੍ਹਾਂ ਦੇ ਘਰ ਤੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਆਪਣਿਆਂ ਦੇ ਇੰਤਜ਼ਾਰ 'ਚ ਬੈਠੇ ਇਨ੍ਹਾਂ ਲੋਕਾਂ ਦੀ ਸੱਧਰਾਂ ਮਰ ਚੁੱਕੀਆਂ ਹਨ ਤੇ ਜਦੋਂ ਕੋਈ ਆ ਕੇ ਇਨ੍ਹਾਂ ਦਾ ਹਾਲ ਪੁੱਛਦਾ ਹੈ ਤਾਂ ਇਨ੍ਹਾਂ ਦਾ ਦਰਦ ਹੰਝੂ ਬਣ ਅੱਖਾਂ 'ਚੋਂ ਵਹਿ ਤੁਰਦਾ ਹੈ।


author

Baljeet Kaur

Content Editor

Related News