ਸਿੱਧੂ ਨੂੰ ਪਾਰਟੀ 'ਚੋਂ ਬਾਹਰ ਕੱਢੇ ਰਾਹੁਲ ਗਾਂਧੀ : ਮਜੀਠੀਆ (ਵੀਡੀਓ)
Saturday, Feb 16, 2019 - 05:39 PM (IST)
ਅੰਮ੍ਰਿਤਸਰ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੁਲਵਾਮਾ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਨੂੰ ਰਾਸ਼ਟਰ-ਵਿਰੋਧੀਆਂ ਵਾਲੀ ਭਾਸ਼ਾ ਬੋਲਣ ਲਈ ਪਾਰਟੀ 'ਚੋਂ ਬਾਹਰ ਕੱਢਣ, ਜਿਸ ਨੇ ਪਾਕਿਸਤਾਨ ਦੀ ਤਰਫ਼ਦਾਰੀ ਕਰਦਿਆਂ ਕਿਹਾ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਸਿੱਧੂ ਪਾਕਿਸਤਾਨ ਵਲੋਂ ਫੈਲਾਏ ਜਾ ਰਹੇ ਅੱਤਵਾਦ ਵਿਰੁੱਧ ਕਾਰਵਾਈ ਲਈ ਅੰਤਰਰਾਸ਼ਟਰੀ ਭਾਈਚਾਰੇ ਕੋਲ ਭਾਰਤ ਦੇ ਕੇਸ ਨੂੰ ਕਮਜ਼ੋਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਕਾਂਗਰਸ ਪਾਰਟੀ ਨਾਲੋਂ ਸੋਨੀ ਟੀ. ਵੀ. ਤੇ ਕਪਿਲ ਸ਼ਰਮਾ ਸ਼ੋਅ ਦੇ ਪ੍ਰਬੰਧਕ ਵੱਧ ਦੇਸ਼ ਭਗਤ ਹਨ। ਉਨ੍ਹਾਂ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਚੁੱਪ-ਚਾਪ ਬੈਠੇ ਰਹਿਣਗੇ। ਸਿੱਧੂ ਨੂੰ ਤੁਰੰਤ ਪਾਰਟੀ 'ਚੋਂ ਕੱਢ ਦੇਣਾ ਚਾਹੀਦਾ ਹੈ, ਨਹੀਂ ਤਾਂ ਭਾਰਤ ਦੇ ਲੋਕ ਇਹੋ ਅਰਥ ਕੱਢਣਗੇ ਕਿ ਸਿੱਧੂ ਨੇ ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ ਅਜਿਹਾ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਇਮਤਿਹਾਨ ਹੈ। ਪੰਜਾਬੀ ਜਾਣਨਾ ਚਾਹੁੰਦੇ ਹਨ ਕਿ ਕੀ ਕੈਪਟਨ ਨੂੰ ਆਪਣੀ ਕੈਬਨਿਟ 'ਚੋਂ ਸਿੱਧੂ ਨੂੰ ਬਾਹਰ ਕੱਢਣ ਲਈ ਰਾਹੁਲ ਗਾਂਧੀ ਦੀ ਆਗਿਆ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਨੂੰ ਹੁਣ ਸਾਬਤ ਕਰਨਾ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਇਕ ਫੌਜੀ ਹੈ, ਨਹੀਂ ਤਾਂ ਪੰਜਾਬੀ ਜਾਣ ਜਾਣਗੇ ਕਿ ਪੰਜਾਬ ਦਾ ਕੈਪਟਨ ਕੌਣ ਹੈ। ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਸਿਰਫ ਪਾਕਿਸਤਾਨ ਦੇ ਘਿਨੌਣੇ ਹਮਲੇ ਨੂੰ ਹੀ ਸਹੀ ਠਹਿਰਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਹ ਉਸ ਭਾਸ਼ਾ ਵਿਚ ਗੱਲ ਕਰ ਰਿਹਾ ਹੈ, ਜਿਹੜੀ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਤੇ ਵੱਖਵਾਦੀ ਸਈਦ ਗਿਲਾਨੀ ਤੇ ਯਾਸੀਨ ਮਲਿਕ ਬੋਲ ਰਹੇ ਹਨ।