ਅੰਬਰਸਰੀਆਂ ਦੀ ਲਗਜ਼ਰੀ ਟਰਾਲੀ, ਲਗਜ਼ਰੀ ਗੱਡੀਆਂ ਨੂੰ ਪਾਉਂਦੀ ਹੈ ਮਾਤ
Sunday, Mar 01, 2020 - 03:25 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਲਗਜ਼ਰੀ ਗੱਡੀਆਂ ਨੂੰ ਮਾਤ ਪਾਉਂਦੀ ਅੰਬਰਸਰੀਆਂ ਦੀ ਲਗਜ਼ਰੀ ਟਰਾਲੀ ਸੰਗਤ ਨੂੰ ਹੋਲੇ-ਮਹੱਲੇ 'ਤੇ ਲੈ ਕੇ ਜਾ ਰਹੀ ਹੈ। ਟਰਾਲੀ 'ਤੇ ਝੂਲਦੇ ਨਿਸ਼ਾਨ ਸਾਹਿਬ ਸਿੰਘਾਂ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹਨ ਤੇ ਅੰਦਰੋਂ ਇਹ ਟਰਾਲੀ ਰਾਜਿਆਂ-ਮਹਾਰਾਜਿਆਂ ਦੀ ਕਿਸੇ ਲਗਜ਼ਰੀ ਸਵਾਰੀ ਤੋਂ ਘੱਟ ਨਹੀਂ ਹੈ।
ਇਸ ਟਰਾਲੀ 'ਚ ਏ. ਸੀ., ਐੱਲ. ਸੀ.ਡੀ., ਪੱਖੇ, ਸੀ.ਸੀ.ਟੀ.ਵੀ. ਤੇ ਮੋਬਾਈਲ ਫੋਨ ਚਾਰਜ ਕਰਨ ਲਈ ਚਾਰਜਿੰਗ ਪੁਆਇੰਟ ਵੀ ਲੱਗਾ ਹੋਇਆ ਹੈ। ਸਫਰ ਨੂੰ ਆਰਾਮਦਾਇਕ ਬਣਾਉਣ ਲਈ ਟਰਾਲੀ 'ਚ ਮੁਲਾਇਮ ਗੱਦੇ ਵਿਛੇ ਹੋਏ ਨੇ। ਇਸ ਤੋਂ ਇਲਾਵਾ ਸ਼ੁੱਧ ਪਾਣੀ ਲਈ ਆਰ ਓ ਸਿਸਟਮ ਦੇ ਨਾਲ-ਨਾਲ ਵਾਈ-ਫਾਈ ਵੀ ਸ਼ਾਮਲ ਹੈ।
ਅੰਮ੍ਰਿਤਸਰ ਦੇ ਹਲਕਾ ਮਜੀਠਾ ਦੀਆਂ ਸੰਗਤਾਂ ਦੀ ਇਸ ਟਰਾਲੀ ਨਾਲ ਇਹ 6 ਵੀਂ ਯਾਤਰਾ ਹੈ, ਜੋ ਹੋਲੇ-ਮਹੱਲੇ 'ਤੇ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਈ ਹੈ। ਸੰਗਤ ਰਸਤੇ 'ਚ ਆਉਂਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਦੀ ਸ੍ਰੀ ਆਨੰਦਪੁਰ ਸਾਹਿਬ ਪਹੁੰਚੇਗੀ, ਜਿਸਦਾ ਬਕਾਇਦਾ ਰੋਡ ਮੈਪ ਵੀ ਟਰਾਲੀ ਦੇ ਪਿੱਛੇ ਲਗਾਇਆ ਗਿਆ ਹੈ।