ਅੰਮ੍ਰਿਤਸਰ-ਲੰਡਨ ਫਲਾਈਟ ਦੇ ਰੂਟ ਬਦਲਦਿਆਂ ਹੀ ਡਿੱਗਣ ਲੱਗਾ ਯਾਤਰੀਆਂ ਦਾ ਗ੍ਰਾਫ

Friday, Sep 29, 2017 - 09:46 AM (IST)

ਅੰਮ੍ਰਿਤਸਰ-ਲੰਡਨ ਫਲਾਈਟ ਦੇ ਰੂਟ ਬਦਲਦਿਆਂ ਹੀ ਡਿੱਗਣ ਲੱਗਾ ਯਾਤਰੀਆਂ ਦਾ ਗ੍ਰਾਫ

ਅੰਮ੍ਰਿਤਸਰ  (ਇੰਦਰਜੀਤ/ਨੀਰਜ) : ਅੰਮ੍ਰਿਤਸਰ ਹਵਾਈ ਅੱਡੇ ਤੋਂ ਸ਼ੁਰੂਆਤੀ ਸਾਲਾਂ 'ਚ ਜਦੋਂ ਅੰਮ੍ਰਿਤਸਰ ਤੋਂ ਬਰਮਿੰਘਮ-ਲੰਡਨ ਦੀ ਉਡਾਣ ਸ਼ੁਰੂ ਹੋਈ ਸੀ ਤਾਂ ਪੂਰੇ ਸੂਬੇ ਦੇ ਮੁਸਾਫਰਾਂ 'ਚ ਇਸ ਉਡਾਣ ਨੂੰ ਲੈ ਕੇ ਕਾਫੀ ਜੋਸ਼ ਰਿਹਾ। ਪਹਿਲੇ ਹੀ ਸਾਲ ਉਮੀਦ ਤੋਂ ਵੱਧ ਮੁਸਾਫਰਾਂ ਨੇ ਅੰਮ੍ਰਿਤਸਰ ਹੀ ਨਹੀਂ ਸਗੋਂ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਮੁਸਾਫਰਾਂ ਨੇ ਵੀ ਲਾਭ ਉਠਾਇਆ ਅਤੇ ਵਪਾਰਕ ਦ੍ਰਿਸ਼ਟੀ ਨਾਲ ਵੀ ਅੰਮ੍ਰਿਤਸਰ ਨੂੰ ਕਾਫੀ ਲਾਭ ਮਿਲਣਾ ਸ਼ੁਰੂ ਹੋ ਗਿਆ ਸੀ।

ਦਿੱਲੀ ਉਡਾਣ ਨਾਲ ਵਧੀ ਮੁਸਾਫਰਾਂ ਦੀ ਸਮੱਸਿਆ
ਇਸ ਤੱਥ ਨੂੰ ਖੁਦ ਏਅਰ ਇੰਡੀਆ ਕੰਪਨੀ ਨੇ ਵੀ ਮੰਨਿਆ ਹੈ ਕਿ ਅੰਮ੍ਰਿਤਸਰ-ਲੰਡਨ ਉਡਾਣ ਦੇ ਦਿੱਲੀ ਤੋਂ ਸ਼ੁਰੂ ਤੋਂ ਬਾਅਦ ਜਿਥੇ ਏਅਰ ਇੰਡੀਆ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਿਆ ਹੈ, ਉਥੇ ਵਧੇ ਹੋਏ ਕਿਰਾਏ ਦੀ ਦਿੱਕਤ ਵੀ ਹਵਾਈ ਮੁਸਾਫਰਾਂ ਨੂੰ ਆਈ ਹੈ। ਵੱਡੀ ਗੱਲ ਹੈ ਕਿ ਜੋ ਮੁਸਾਫਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੰਡਨ ਲਈ ਸਿੱਧੀ ਉਡਾਣ ਲੈਂਦੇ ਸਨ ਅਤੇ ਵਾਪਸੀ 'ਤੇ ਵੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਦੇ ਸਨ ਪਰ ਵਾਇਆ ਦਿੱਲੀ ਰੂਟ ਬਦਲਦਿਆਂ ਹੀ ਹੁਣ ਇਨ੍ਹਾਂ ਮੁਸਾਫਰਾਂ ਨੂੰ ਅੰਮ੍ਰਿਤਸਰ-ਦਿੱਲੀ, ਦਿੱਲੀ -ਅੰਮ੍ਰਿਤਸਰ ਦਾ ਸਫਰ ਰੇਲ ਜਾਂ ਸੜਕ ਮਾਰਗ ਰਾਹੀਂ ਕਰਨਾ ਪੈਂਦਾ ਹੈ।

ਇਨ੍ਹਾਂ ਬਦਲਦੇ ਰੂਟਾਂ ਅਨੁਸਾਰ ਹਾਲਾਂਕਿ ਏਅਰ ਇੰਡੀਆ ਕੰਪਨੀ ਦੇ ਰੂਟਾਂ ਦੀ ਯੋਜਨਾ ਬਣਾਉਂਦੇ ਹੋਏ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਨੂੰ ਇਕ ਬਿਹਤਰੀਨ ਸਕੀਮ ਦੱਸਦੇ ਹੋਏ ਸਾਲ 2010 'ਚ ਜੋ ਪਲਾਨ ਬਣਾਇਆ ਸੀ, ਉਸ 'ਚ ਕਿਹਾ ਗਿਆ ਸੀ ਕਿ ਇਸ ਨਵੇਂ ਪਲਾਨ ਨਾਲ ਮੁਸਾਫਰਾਂ ਦੀ ਗਿਣਤੀ ਅੱਗੇ ਨਾਲੋਂ ਵਧ ਜਾਵੇਗੀ ਅਤੇ ਕਈ ਹੋਰ ਉਡਾਣਾਂ ਵੀ ਇਸ ਰੂਟ 'ਤੇ ਵਧਾਈਆਂ ਜਾਣਗੀਆਂ ਪਰ ਉਪਰੋਕਤ ਅੰਕੜਿਆਂ ਮੁਤਾਬਕ ਸਾਲ 2010 'ਚ ਇਨ੍ਹਾਂ ਤਿੰਨਾਂ  ਮੰਜ਼ਿਲਾਂ, ਜਿਨ੍ਹਾਂ 'ਚ ਬਰਮਿੰਘਮ, ਲੰਡਨ ਤੇ ਟੋਰਾਂਟੋ ਸ਼ਾਮਿਲ ਸਨ, ਵਿਚ ਮੁਸਾਫਰਾਂ ਦੀ ਗਿਣਤੀ ਦਾ ਗ੍ਰਾਫ ਘੱਟੋ-ਘੱਟ ਹੱਦ 'ਤੇ ਉਦੋਂ ਪਹੁੰਚਿਆ ਜਦੋਂ ਇਨ੍ਹਾਂ ਉਡਾਣਾਂ 'ਚ ਅੰਮ੍ਰਿਤਸਰ, ਬਰਮਿੰਘਮ, ਟੋਰਾਂਟੋ ਦੇ ਨਾਲ ਇਸ ਦਾ ਰੂਟ ਦਿੱਲੀ ਵਲ ਕਰ ਦਿੱਤਾ ਗਿਆ ਸੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਇਹ ਨਵੀਂ ਯੋਜਨਾ 'ਮਰਜ਼ ਬੜ੍ਹਤਾ ਹੀ ਗਿਆ ਜਿਉਂ-ਜਿਉਂ ਦਵਾ ਕੀ' ਦੀ ਕਹਾਵਤ ਨੂੰ ਸੱਚ ਕਰਨ ਲੱਗੀ। ਇਸ 'ਚ ਤਤਕਾਲੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਲੋਂ ਏਅਰ ਇੰਡੀਆ ਦੇ ਨਾਲ ਰਾਜਨੀਤੀ ਕੀਤੀ ਗਈ ਜਾਂ ਕੁਝ ਹੋਰ ਪਰ ਇਕ ਸੱਚਾਈ ਜ਼ਰੂਰ ਹੈ ਕਿ ਇਨ੍ਹੀਂ ਦਿਨੀਂ  ਏਅਰ ਇੰਡੀਆ ਦੇ ਪੈਰ ਉਖੜਣ ਲੱਗੇ ਹਨ ਅਤੇ ਹੁਣ ਤਕ ਵੀ ਏਅਰ ਇੰਡੀਆ ਦੇ ਸੰਕਟ ਹਟਣ ਦਾ ਨਾਂ ਨਹੀਂ ਲੈ ਰਹੇ। ਹਾਲਾਂਕਿ ਆਮ ਲੋਕਾਂ ਦੇ ਸੁਪਨੇ ਦੁਬਾਰਾ ਏਅਰ ਇੰਡੀਆ ਅਤੇ ਅੰਮ੍ਰਿਤਸਰ ਤੋਂ ਪੁਰਾਣੇ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਨਾਲ ਸੰਜੋਏ ਹੋਏ ਹਨ ਪਰ ਫਿਲਹਾਲ ਅਜਿਹਾ ਚਮਤਕਾਰ ਦਿਖਾਈ ਨਹੀਂ ਦੇ ਰਿਹਾ।

ਏਅਰ ਇੰਡੀਆ ਨਾਲ ਭਾਰਤ ਦੀ ਜਨਤਾ ਦਾ ਭਾਵਨਾਤਮਕ ਸੰਬੰਧ
ਸੰਸਦ ਮੈਂਬਰ ਸਿੱਧੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਏਅਰ ਇੰਡੀਆ ਭਾਰਤ ਦੀ ਇਕ ਸ਼ਾਨਾਮਤੀ ਏਅਰਲਾਈਨਜ਼ ਹੈ ਅਤੇ ਇਸ ਨੂੰ ਕਦੇ ਨਾ ਕਦੇ ਬੰਦ ਹੋਣਾ ਹੀ ਪਵੇਗਾ ਕਿਉਂਕਿ ਇਸ ਦੀ ਸ਼ਾਨ ਨੂੰ ਘਟਾਉਣ ਕਈ ਲੋਕ ਪਿੱਛੇ ਪਏ ਹੋਏ ਹਨ। ਏਅਰ ਇੰਡੀਆ ਨਾਲ ਭਾਰਤ ਦੇ ਲੋਕਾਂ ਦਾ ਇਕ ਭਾਵਨਾਤਮਕ ਸੰਬੰਧ ਹੈ ਅਤੇ ਏਅਰ ਇੰਡੀਆ ਦੇ ਝੁਕ ਕੇ ਸਲਾਮ ਕਰਦੇ ਮਹਾਰਾਜ ਦੀ ਲਾਲ ਪੋਸ਼ਾਕ ਅਤੇ ਪਗੜੀ ਵਾਲਾ ਸਿੰਬਲ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।

ਅੰਮ੍ਰਿਤਸਰ-ਇੰਗਲੈਂਡ ਦੇ ਏਅਰ ਇੰਡੀਆ ਦੇ ਬਦਲਦੇ ਰੂਟ
ਮਈ 2005 ਨੂੰ ਏਅਰ ਇੰਡੀਆ ਦੀ ਪਹਿਲੀ ਉਡਾਣ ਅੰਮ੍ਰਿਤਸਰ-ਬਰਮਿੰਘਮ, ਟੋਰਾਂਟੋ ਦਰਮਿਆਨ ਹੋਈ। ਸਾਲ 2006-07 'ਚ ਰੂਟ ਅਨੁਸਾਰ ਇਸ ਉਡਾਣ ਨਾਲ ਬਰਮਿੰਘਮ ਦੇ ਮੁਸਾਫਰਾਂ ਦੀ ਗਿਣਤੀ 36,145 ਦਰਜ ਕੀਤੀ ਗਈ। ਇਸ ਦੇ ਨਾਲ ਲੰਡਨ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ 47,887 ਸੀ ਜਦਕਿ ਟੋਰਾਂਟੋ ਦੇ ਮੁਸਾਫਰਾਂ ਦੀ ਗਿਣਤੀ 38832 ਪਾਈ ਗਈ। ਇਸ ਤੋਂ ਬਾਅਦ 2007-08 'ਚ ਬਰਮਿੰਘਮ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਡਿੱਗ ਕੇ 32574 ਪਹੁੰਚ ਗਈ ਜਦਕਿ ਲੰਡਨ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ 80106 ਸੀ।  (32,217 ਯਾਤਰੀਆਂ ਦਾ ਵਾਧਾ) ਅਤੇ ਟੋਰਾਂਟੋ ਦੇ ਮੁਸਾਫਰ 47,811 ਸਨ। ਅਕਤੂਬਰ 2008 'ਚ ਏਅਰ ਇੰਡੀਆ ਦੇ ਰੂਟ ਪਲਾਨ 'ਚ ਬਦਲਾਅ ਉਪਰੰਤ ਬਰਮਿੰਘਮ ਜਾਣ ਵਾਲੇ ਮੁਸਾਫਰਾਂ  ਦਾ ਮੁਸਾਫਰਾਂ ਦਾ ਗ੍ਰਾਫ ਡਿੱਗ ਕੇ 14,235 (18,339 ਦੀ ਕਮੀ) ਰਹਿ ਗਿਆ ਜਦਕਿ ਲੰਡਨ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ  80082 ਦਰਜ ਕੀਤੀ ਗਈ।
ਦੂਜੇ ਪਾਸੇ ਇਸ ਪਲਾਨ 'ਚ ਟੋਰਾਂਟੋ ਜਾਣ ਵਾਲੇ ਮੁਸਾਫਰ 46,061 ਹੋਏ। ਸਾਲ 2009-10 'ਚ ਲੰਡਨ ਹੀਥਰੋ ਹਵਾਈ ਅੱਡੇ 'ਤੇ ਲੰਡਨ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ 65,046 ਰਹਿ ਗਈ ਅਤੇ ਟੋਰਾਂਟੋ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਵਧ ਕੇ 67,654 ਹੋ ਗਈ। ਨਵੰਬਰ 2010 ਨੂੰ ਏਅਰ ਇੰਡੀਆ ਵਲੋਂ ਇਨ੍ਹਾਂ ਰੂਟਾਂ 'ਚ ਭਾਰੀ ਤਬਦੀਲੀ ਲਿਆਂਦੀ ਗਈ ਅਤੇ ਇਸ ਨੂੰ ਮਹੱਤਵਪੂਰਨ ਉਡਾਣ ਦੱਸਿਆ ਗਿਆ ਸੀ ਪਰ ਇਸ 'ਚ ਭਾਰੀ ਹਾਨੀ ਹੁੰਦੇ-ਹੁੰਦੇ ਬਰਮਿੰਘਮ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ 10 ਹਜ਼ਾਰ ਤੋਂ ਵੀ ਹੇਠਾਂ ਪਹੁੰਚ ਗਈ ਜਦਕਿ ਦੂਜੇ ਪਾਸੇ ਅੰਮ੍ਰਤਸਰ-ਲੰਡਨ ਦੀ ਉਡਾਣ, ਜਿਸ 'ਚ ਪਹਿਲਾਂ ਮੁਸਾਫਰਾਂ ਦੀ ਗਿਣਤੀ ਦਾ ਅੰਕੜਾ 80 ਹਜ਼ਾਰ ਨੂੰ ਛੂਹ ਗਿਆ ਸੀ, ਨਵੇਂ ਪਲਾਨ 'ਚ ਲੰਡਨ ਦੇ ਯਾਤਰੀਆਂ ਦੀ ਗਿਣਤੀ ਸਿਰਫ 32,987 ਰਹਿ ਗਈ। ਦੂਜੇ ਪਾਸੇ ਟੋਰਾਂਟੋ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਵੀ ਘੱਟ ਹੋ ਕੇ 51,823 ਹੋ ਗਈ।

ਨਿੱਜੀ ਏਅਰਲਾਈਨਜ਼ ਤੋਂ ਹੈ ਏਅਰ ਇੰਡੀਆ ਨੂੰ ਖਤਰਾ : ਸਿੱਧੂ
ਏਅਰ ਇੰਡੀਆ ਦੇ ਬਿਹਤਰ ਚਲ ਰਹੇ ਰੂਟਾਂ ਨੂੰ ਖਰਾਬ ਕਰਨ 'ਚ ਨਿੱਜੀ ਏਅਰਲਾਈਨਜ਼ ਦਾ ਵੀ ਬਹੁਤ ਵੱਡਾ ਹੱਥ ਹੈ। ਇਸ ਬਾਰੇ ਤਤਕਾਲੀ ਸੰਸਦ ਮੈਂਬਰ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਵੀ ਆਵਾਜ਼ ਉਠਾਈ ਸੀ। ਉਨ੍ਹਾਂ ਨੇ ਕਿਹਾ ਸੀ ਕਿ ਏਅਰ ਇੰਡੀਆ ਇਕ ਬਿਹਤਰ ਏਅਰਲਾਈਨਜ਼ ਹੈ ਅਤੇ ਇਹ ਭਾਰਤ ਸਰਕਾਰ ਦੀ ਹੈ। ਇਸ ਤੋਂ ਹੋਣ ਵਾਲਾ ਲਾਭ ਪੂਰੀ ਤਰ੍ਹਾਂ ਨਾਲ ਹਵਾਈ ਅੱਡੇ ਨੂੰ ਹੀ ਮਿਲਦਾ ਹੈ ਜਦਕਿ ਨਿੱਜੀ ਏਅਰਲਾਈਨਜ਼ ਦਾ ਨਾਮਾਤਰ ਲਾਭ ਹੀ ਏਅਰਪੋਰਟ ਨੂੰ ਹਾਸਿਲ ਹੁੰਦਾ ਹੈ। ਸਿੱਧੂ ਨੇ ਕਿਹਾ ਸੀ ਕਿ ਏਅਰਲਾਈਨਜ਼ ਦੇ ਨਾਲ ਨਿੱਜੀ ਜਹਾਜ਼ ਕੰਪਨੀਆਂ ਧੋਖਾ ਕਰ ਰਹੀਆਂ ਹਨ ਅਤੇ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਬਰਾਬਰ ਇਸ ਲਈ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਉਸ ਦੇ ਰੂਟ ਨਿੱਜੀ ਕੰਪਨੀਆਂ ਨੂੰ ਮਿਲਣ। ਇਸ ਦੇ ਲਈ ਸਿੱਧੂ ਨੇ ਕਿਹਾ ਕਿ ਏਅਰ ਇੰਡੀਆ ਹਵਾਈ ਅੱਡਿਆਂ ਨੂੰ ਆਕਸੀਜਨ ਦੇਣ ਵਾਲੀ ਇਕ ਬਹੁਤ ਵੱਡੀ ਕੰਪਨੀ ਹੈ ਪਰ ਫਿਰ ਵੀ ਉਸ ਦੇ ਨਾਲ ਅਨਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਮਿਸਾਲ ਕਈ ਵਾਰ ਦਿੰਦੇ ਹੋਏ ਕਿਹਾ ਸੀ ਕਿ ਜਿਸ ਤਰ੍ਹਾਂ ਬਿਨਾਂ ਕਹੇ ਬਾਂਦਰੀ ਪੂਛ ਹਿਲਾ ਕੇ ਮਾਲਕ ਤੋਂ ਕਾਜੂ ਅਤੇ ਬਾਦਾਮ ਦਾ ਮਜ਼ਾ ਲੈਂਦੀ ਹੈ, ਦੂਜੇ ਪਾਸੇ ਦਿਨ-ਰਾਤ ਮਿਹਨਤ ਕਰਕੇ ਆਪਣੇ ਮਦਾਰੀ ਮਾਲਕ ਦੇ ਪਰਿਵਾਰ ਦਾ ਪੇਟ ਪਾਲਣ ਤੋਂ ਬਾਅਦ ਭੋਲ-ਭਾਲਾ ਰਿੱਛ ਲਾਠੀਆਂ ਖਾਂਦਾ ਹੈ, ਇਹੀ ਹਾਲਤ ਇਸ ਸਮੇਂ ਏਅਰ ਇੰਡੀਆ ਦੀ ਹੈ। ਸਿੱਧੂ ਨੇ ਕਈ ਸਮਾਰੋਹਾਂ 'ਚ ਇਹ ਮਿਸਾਲ ਦਿੱਤੀ ਸੀ।


Related News