ਅੰਮ੍ਰਿਤਸਰ ਦਾ ਕਰਾਟੇ ਕਿੱਡ ਹੁਣ ਤੱਕ ਜਿੱਤ ਚੁੱਕੈ 50 ਤੋਂ ਵੱਧ ਮੈਡਲ (ਵੀਡੀਓ)
Saturday, Apr 20, 2019 - 05:11 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਬਚਪਨ 'ਚ ਜਿਥੇ ਬੱਚਿਆਂ ਦਾ ਧਿਆਨ ਸਿਰਫ ਖੇਡਣ ਤੇ ਪੜ੍ਹਾਈ ਵੱਲ ਹੁੰਦਾ ਹੈ। ਉਥੇ ਹੀ 11 ਸਾਲਾ ਦਾ ਕ੍ਰਿਸ਼ਵ ਬੁਲੰਦੀਆਂ ਨੂੰ ਛੂਹ ਰਿਹਾ ਹੈ। ਅੰਮ੍ਰਿਤਸਰ ਦਾ ਕਰਾਟੇ ਕਿੱਡ ਕ੍ਰਿਸ਼ਵ ਮਹਾਜਨ ਆਪਣੀ ਉਮਰ ਤੋਂ ਚਾਰ ਗੁਣਾ ਤੋਂ ਜ਼ਿਆਦਾ ਗੋਲਡ ਮੈਡਲ ਜਿੱਤ ਚੁੱਕਾ ਹੈ। ਕ੍ਰਿਸ਼ਵ ਅੰਦਰ ਕਰਾਟੇ ਸਿੱਖਣ ਦੀ ਲਲਕ ਮਹਿਜ਼ 5-6 ਸਾਲ ਦੀ ਉਮਰ 'ਚ ਪੈਦਾ ਹੋਈ, ਜਿਸ ਨੂੰ ਉਸ ਨੇ ਆਪਣਾ ਪੈਸ਼ਨ ਬਣਾ ਲਿਆ ਤੇ 8 ਸਾਲ ਦੀ ਉਮਰ ਵਿਚ ਉਹ ਬਲੈਕ ਬੈਲਟ ਜਿੱਤ ਕੇ ਸਭ ਤੋਂ ਛੋਟੀ ਉਮਰ ਦਾ ਏਸ਼ੀਅਨ ਚੈਂਪੀਅਨ ਬਣ ਗਿਆ, ਜਿਸ ਤੋਂ ਬਾਅਦ 11 ਸਾਲ ਦੀ ਉਮਰ ਵਿਚ ਉਸ ਨੇ ਬਲੈਕ ਬੈਲਟ ਡੈਨ-2 ਵੀ ਹਾਸਲ ਕੀਤੀ। 7ਵੀਂ ਕਲਾਸ 'ਚ ਪੜ੍ਹਣ ਵਾਲਾ ਕ੍ਰਿਸ਼ਵ ਹੁਣ ਤੱਕ 50 ਤੋਂ ਵੱਧ ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਮੈਡਲ ਤੇ ਸਰਟੀਫਿਕੇਟ ਜਿੱਤ ਚੁੱਕਾ ਹੈ। ਕ੍ਰਿਸ਼ਵ ਨੇ ਦੱਸਿਆ ਕਿ ਉਸ ਨੂੰ ਕਰਾਟੇ ਦਾ ਸ਼ੌਕ ਇਕ ਮਾਲ 'ਚ ਚੱਲਦੀ ਕਰਾਟੇ ਕਲਾਸ ਵੇਖ ਕੇ ਪੈਦਾ ਹੋਇਆ ਸੀ ਅਤੇ ਹੁਣ ਉਸ ਦਾ ਸੁਪਨਾ 2020 'ਚ ਹੋਣ ਵਾਲੇ ਵਰਲਡ ਕੱਪ 'ਚ ਗੋਲਡ ਮੈਡਲ ਜਿੱਤਣਾ ਹੈ ਤੇ ਇਸ ਦੇ ਲਈ ਉਹ ਕਾਫੀ ਮਿਹਨਤ ਵੀ ਕਰ ਰਿਹਾ ਹੈ।
ਕ੍ਰਿਸ਼ਵ ਦੀ ਸਫਲਤਾ ਦੇ ਪਿੱਛੇ ਮਾਪਿਆਂ ਦਾ ਪਿਆਰ ਤੇ ਸਪੋਰਟ ਹੈ। ਬੱਚੇ ਦੀ ਸਫਲਤਾ ਨੂੰ ਦੇਖ ਜਿਥੇ ਉਸ ਦੇ ਮਾਪੇ ਕਾਫੀ ਖੁਸ਼ ਤੇ ਉਤਸ਼ਾਹਿਤ ਹਨ, ਉਥੇ ਹੀ ਉਸ ਦਾ ਕੋਚ ਵੀ ਆਪਣੇ ਵਿਦਿਆਰਥੀ 'ਤੇ ਮਾਣ ਮਹਿਸੂਸ ਕਰਦਾ ਹੈ। ਕ੍ਰਿਸ਼ਵ ਦੂਜੇ ਅਜਿਹੇ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਹੈ, ਜਿਨ੍ਹਾਂ ਦੇ ਅੰਦਰ ਕੁਝ ਕਰ ਗੁਜ਼ਰਨ ਦੀ ਚਾਹਤ ਹੁੰਦੀ ਹੈ ਤੇ ਉਹ ਆਪਣੇ ਟਾਰਗੇਟ ਨੂੰ ਹਾਸਲ ਕਰਨ ਲਈ ਜੀਅ-ਜਾਨ ਲਗਾ ਕੇ ਸਖਤ ਮਿਹਨਤ ਕਰਦੇ ਹਨ।