ਅੰਮ੍ਰਿਤਸਰ ਜੇਲ ਬਰੇਕ ਕਾਂਡ 'ਚ 7 ਪੁਲਸ ਮੁਲਾਜ਼ਮ ਮੁਅੱਤਲ
Sunday, Feb 02, 2020 - 05:30 PM (IST)
ਅੰਮ੍ਰਿਤਸਰ (ਅਵਦੇਸ਼) : ਅੰਮ੍ਰਿਤਸਰ ਜੇਲ ਤੋਂ ਤਿੰਨ ਕੈਦੀਆਂ ਦੇ ਫਰਾਰ ਹੋਣ ਦੇ ਮਾਮਲੇ 'ਚ 7 ਪੁਲਸ ਮੁਲਾਜ਼ਮਾਂ ਨੂੰ ਫੌਰੀ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਏ. ਡੀ. ਜੀ. ਪੀ. ਜੇਲ ਪੀ. ਕੇ. ਸਿਨਹਾ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਮੁਅੱਤਲ ਕੀਤੇ ਗਏ ਮੁਲਾਜ਼ਮਾਂ 'ਚ 2 ਸਹਾਇਕ ਜੇਲ ਸੁਪਰਡੈਂਟ ਪ੍ਰਸ਼ੋਤਮ ਲਾਲ, ਗਿਆਨ ਸਿੰਘ, ਚਾਰ ਵਾਰਡ ਸੁਬੇਗ ਸਿੰਘ, ਕੁਲਵੰਤ ਸਿੰਘ, ਦੀਰ ਸਿੰਘ, ਸ਼ਮਸੇਰ ਸਿੰਘ ਅਤੇ ਪੰਜਾਬ ਹੋਮਗਾਰਡ ਦਾ ਮੁਲਾਜ਼ਮ ਕਸ਼ਮੀਰ ਸਿੰਘ ਸ਼ਾਮਲ ਹਨ।
ਇਥੇ ਦੱਸ ਦੇਈਏ ਕਿ ਬੀਤੀ ਰਾਤ 3 ਕੈਦੀ ਕੰਧ ਤੋੜ ਕੇ ਫਰਾਰ ਹੋ ਗਏ ਹਨ, ਜਿਸ ਕਾਰਨ ਪੁਲਸ 'ਚ ਹਫੜਾ-ਦਫੜੀ ਮਚ ਗਈ ਹੈ। ਫਰਾਰ ਹਵਾਲਾਤੀਆਂ 'ਚੋਂ 2 ਸਕੇ ਭਰਾ ਜਰਨੈਲ ਸਿੰਘ ਅਤੇ ਗੁਰਪ੍ਰੀਤ ਖਡੂਰ ਸਾਹਿਬ ਨਾਲ ਸਬੰਧਿਤ ਹਨ ਤੇ ਤੀਜਾ ਹਵਾਲਾਤੀ ਵਿਸ਼ਾਲ ਸ਼ਰਮਾ ਅੰਮ੍ਰਿਤਸਰ ਦੇ ਮਜੀਠਾ ਰੋਡ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਹਵਾਲਾਤੀ ਵਿਸ਼ਾਲ ਸ਼ਰਮਾ 'ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਹੈ ਤੇ ਗੁਰਪ੍ਰੀਤ ਅਤੇ ਜਰਨੈਲ ਚੋਰੀ ਦੇ ਕੇਸ 'ਚ ਬੰਦ ਸਨ। ਇਹ ਸਾਰੇ ਜੇਲ ਦੀ ਪਿਛਲੀ ਕੰਧ ਤੋੜ ਕੇ ਫਰਾਰ ਹੋਏ ਹਨ।