ਜੈਕਾਰਿਆਂ ਦੀ ਗੂੰਜ ਨਾਲ ਅੰਤਰਰਾਸ਼ਟਰੀ ਨਗਰ ਕੀਰਤਨ ਜੈਪੁਰ ਲਈ ਰਵਾਨਾ
Monday, Sep 30, 2019 - 11:01 AM (IST)

ਅੰਮ੍ਰਿਤਸਰ (ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਗੁ. ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਰਾਜਸਥਾਨ ਦੇ ਪੁਸ਼ਕਰ ਤੋਂ ਜੈਪੁਰ ਲਈ ਰਵਾਨਾ ਹੋਇਆ। ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੂੰ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਜੋੜਿਆ। ਕਥਾਵਾਚਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੱਖੀ ਦੀਆਂ ਮੁੱਲਵਾਨ ਕਦਰਾਂ-ਕੀਮਤਾਂ ਅਨੁਸਾਰ ਜੀਵਨ ਜਿਊਣ ਦੀ ਸੰਗਤ ਨੂੰ ਪ੍ਰੇਰਨਾ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਨੇ ਪੰਜ ਪਿਆਰਿਆਂ, ਨਿਸ਼ਾਨਚੀ ਸਿੰਘਾਂ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਨਿਵਾਜਿਆ।
ਇਸੇ ਦੌਰਾਨ ਨਗਰ ਕੀਰਤਨ 'ਚ ਮੈਂਬਰ ਪਾਰਲੀਮੈਂਟ ਭਾਗੀਰਥ ਚੌਧਰੀ, ਸਥਾਨਕ ਆਗੂ ਪ੍ਰਦੀਪ ਬਾਜਵਾ ਤੇ ਡੀ. ਐੱਸ. ਪੀ. ਸ਼੍ਰੀਮਤੀ ਗੀਤਾ ਚੌਧਰੀ ਨੇ ਹਾਜ਼ਰੀ ਭਰ ਕੇ ਸ਼ਰਧਾ ਪ੍ਰਗਟਾਈ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ ਨੇ ਸਨਮਾਨਿਤ ਕੀਤਾ। ਇਸ ਮੌਕੇ ਲਾਲੂਘੁੰਮਣ ਨੇ ਦੱਸਿਆ ਕਿ ਨਗਰ ਕੀਰਤਨ ਪ੍ਰਤੀ ਸੰਗਤਾਂ 'ਚ ਉਤਸ਼ਾਹ ਨਿਰੰਤਰ ਜਾਰੀ ਹੈ। ਸੰਗਤਾਂ ਜਿਥੇ ਵੱਡੀ ਗਿਣਤੀ 'ਚ ਨਗਰ ਕੀਰਤਨ ਵਿਚ ਸ਼ਾਮਿਲ ਹੋ ਰਹੀਆਂ ਹਨ, ਉਥੇ ਹੀ ਲੰਗਰ, ਚਾਹ-ਪਾਣੀ, ਫਰੂਟ ਆਦਿ ਦੀ ਸੇਵਾ ਵੀ ਥਾਂ-ਥਾਂ ਕੀਤੀ ਜਾ ਰਹੀ ਹੈ। ਗੁਰੂ ਸਾਹਿਬ ਦੇ ਸ਼ਸਤਰ ਜੋ ਵਿਸ਼ੇਸ਼ ਬੱਸ 'ਚ ਸੁਸ਼ੋਭਿਤ ਹਨ, ਪ੍ਰਤੀ ਵੀ ਸੰਗਤਾਂ ਦਾ ਉਤਸ਼ਾਹ ਬਣਿਆ ਹੋਇਆ ਹੈ।ਇਸ ਮੌਕੇ ਸੁਰਜੀਤ ਸਿੰਘ ਕੰਗ, ਬਾਬਾ ਕਾਲੂ ਸਿੰਘ, ਜੋਗਿੰਦਰ ਸਿੰਘ, ਪ੍ਰੀਤਮ ਸਿੰਘ, ਸੁਰਿੰਦਰਪਾਲ ਸਿੰਘ ਸਮਾਣਾ, ਜਸਵੀਰ ਸਿੰਘ ਲੌਂਗੋਵਾਲ, ਸੁਖਬੀਰ ਸਿੰਘ ਆਦਿ ਮੌਜੂਦ ਸਨ।