ਕਰਤਾਰਪੁਰ ਲਾਂਘਾ : ਭਾਰਤ-ਪਾਕਿ ਵਿਚਾਲੇ ਸਮਝੌਤੇ 'ਤੇ ਹੋਏ ਹਸਤਾਖਰ

Thursday, Oct 24, 2019 - 01:52 PM (IST)

ਕਰਤਾਰਪੁਰ ਲਾਂਘਾ : ਭਾਰਤ-ਪਾਕਿ ਵਿਚਾਲੇ ਸਮਝੌਤੇ 'ਤੇ ਹੋਏ ਹਸਤਾਖਰ

ਡੇਰਾ ਬਾਬਾ ਨਾਨਕ(ਵਤਨ, ਕੰਵਲਜੀਤ) : ਅੱਜ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਭਾਰਤ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵੱਲੋਂ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਲਿਖਤੀ ਸਮਝੌਤਾ ਹੋ ਗਿਆ ਹੈ। ਮੀਟਿੰਗ ਵਿਚ ਰੱਖਿਆ ਮੰਤਰਾਲਾ, ਵਿਦੇਸ਼ ਮੰਤਰਾਲਾ, ਗ੍ਰਹਿ ਵਿਭਾਗ ਅਤੇ ਪੰਜਾਬ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਿੱਸਾ ਲਿਆ।

ਦੋਵਾਂ ਦੇਸ਼ਾਂ ਵਿਚ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਸਰਹੱਦ ਨਾਲ ਲਗਦੀ ਡੇਰਾ ਬਾਬਾ ਨਾਨਕ ਦੀ ਬੀ. ਐੱਸ. ਐੱਫ. ਦੀ ਪੋਸਟ ਵਿਖੇ ਭਾਰਤ ਵੱਲੋਂ ਗਏ ਵਫਦ ਵਿਚ ਐੱਸ. ਸੀ. ਐੱਲ. ਦਾਸ, ਹੁਸਨ ਲਾਲ ਸਕੱਤਰ ਪੀ. ਡਬਲਿਊ. ਡੀ., ਵਿਰਾਟ ਮਜਬੂਰ, ਦੀਪਕ ਮਿੱਤਲ ਅਤੇ ਰਾਜੀਵ ਸਿੰਘ ਠਾਕੁਰ ਆਦਿ ਨੇ ਮੀਡੀਆ ਨੂੰ ਮੀਟਿੰਗ ਸਬੰਧੀ ਦੱਸਿਆ ਕਿ ਅਸੀਂ ਬੜੀ ਖੁਸ਼ੀ ਨਾਲ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਦੋਵਾਂ ਦੇਸ਼ਾਂ ਵਿਚਕਾਰ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਸਮਝੌਤਾ ਹੋ ਗਿਆ ਹੈ। ਇਸ ਸਬੰਧੀ ਯੂਨੀਅਨ ਕੈਬਨਿਟ ਨੇ ਮਤਾ ਪਾਸ ਕਰ ਕੇ ਲਾਂਘੇ ਲਈ ਯਾਤਰੀ ਟਰਮੀਨਲ ਅਤੇ ਇਸ ਸਬੰਧੀ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਕਿ ਸੰਗਤ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁ. ਕਰਤਾਰਪੁਰ ਸਾਹਿਬ ਦੇ ਸੇਖੇ ਅਤੇ ਸੁਖਾਲੇ ਤਰੀਕੇ ਨਾਲ ਦਰਸ਼ਨ ਕਰ ਸਕੇ। ਸਮਝੌਤੇ ਤੋਂ ਬਾਅਦ ਅਸੀਂ ਅੱਜ ਗੁ. ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਰਸਮੀ ਤੌਰ 'ਤੇ ਐਲਾਨ ਕਰ ਰਹੇ ਹਾਂ। ਪੰਜਾਬ ਸਰਕਾਰ ਨੇ ਇਸ ਲਾਂਘੇ ਸਬੰਧੀ ਕੇਂਦਰ ਸਰਕਾਰ ਨੂੰ ਆਪਣੀਆਂ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ।

ਇਸ ਸਮਝੌਤੇ ਅਨੁਸਾਰ ਭਾਰਤ ਦੇ ਹਰ ਸੂਬੇ 'ਚੋਂ ਅਤੇ ਹਰ ਧਰਮ ਨਾਲ ਸਬੰਧ ਰੱਖਣ ਵਾਲਾ ਸ਼ਰਧਾਲੂ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇਗਾ। ਸਿਰਫ ਇਹੀ ਸ਼ਰਤ ਰੱਖੀ ਗਈ ਹੈ ਕਿ ਸ਼ਰਧਾਲੂ ਭਾਰਤ ਦਾ ਵਾਸੀ ਹੋਵੇ। ਉਸ ਕੋਲ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਪਾਸਪੋਰਟ ਹੋਵੇ। ਉਸ ਵੱਲੋਂ ਆਨਲਾਈਨ ਪੋਰਟਲ prakashpurb550.mha.gov.in 'ਤੇ ਅਪਲਾਈ ਕਰਨ ਤੋਂ ਬਾਅਦ ਇਲੈਕਟ੍ਰਿਕ ਟਰੈਵਲਿੰਗ ਆਥੋਰਾਈਜ਼ੇਸ਼ਨ ਹੋਣੀ ਚਾਹੀਦੀ ਹੈ। ਲਾਂਘੇ ਲਈ ਕਿਸੇ ਨੂੰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਵੀਜ਼ਾ ਫ੍ਰੀ ਹੈ।

ਸਾਰਾ ਸਾਲ ਖੁੱਲ੍ਹਾ ਰਹੇਗਾ ਲਾਂਘਾ
ਅਧਿਕਾਰੀਆਂ ਨੇ ਕਿਹਾ ਕਿ ਗੁ. ਸ੍ਰੀ ਕਰਤਾਪੁਰ ਸਾਹਿਬ ਲਈ ਲਾਂਘਾ ਸਾਰਾ ਸਾਲ ਖੁੱਲ੍ਹਾ ਰਹੇਗਾ। ਜੇਕਰ ਕਿਸੇ ਵੀ ਖਾਸ ਦਿਨ 'ਤੇ ਇਸ ਨੂੰ ਰੋਕਣ ਲਈ ਮਜਬੂਰੀ ਹੋਵੇਗੀ ਤਾਂ ਇਸ ਸਬੰਧੀ ਆਨਲਾਈਨ ਪੋਰਟਲ 'ਤੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ-ਨਾਲ ਸੰਗਤ ਵੱਲੋਂ ਇਕੱਲੇ ਜਾਂ ਗਰੁੱਪ ਰਾਹੀਂ ਵੀ ਗੁ. ਕਰਤਾਰਪੁਰ ਸਾਹਿਬ ਦੀ ਯਾਤਰਾ ਕੀਤੀ ਜਾ ਸਕਦੀ ਹੈ। ਉਹ ਪੈਦਲ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾ ਸਕਦੇ ਹਨ। ਜੋ ਸੰਗਤ ਸਵੇਰ ਨੂੰ ਦਰਸ਼ਨ ਕਰਨ ਜਾਵੇਗੀ, ਉਸ ਨੂੰ ਸ਼ਾਮ ਤੱਕ ਵਾਪਸ ਆਉਣਾ ਜ਼ਰੂਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ 10 ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੂੰ ਸ਼ਰਧਾਲੂਆਂ ਦੀ ਸੂਚੀ ਭੇਜਿਆ ਕਰੇਗੀ। ਇਸ ਸਬੰਧੀ ਸ਼ਰਧਾਲੂਆਂ ਨੂੰ 4 ਦਿਨ ਪਹਿਲਾਂ ਐੱਸ. ਐੱਮ. ਐੱਸ. ਸੁਨੇਹੇ ਜਾਂ ਈ ਮੇਲ ਰਾਹੀਂ ਜਾਣਕਾਰੀ ਦੇ ਦਿੱਤੀ ਜਾਇਆ ਕਰੇਗੀ।

ਫੀਸ ਮੁਆਫ਼ੀ ਲਈ ਪਾਕਿ 'ਤੇ ਦਬਾਅ ਪਾਉਂਦਾ ਰਹੇਗਾ ਭਾਰਤ
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਰਕਾਰ ਗੁ. ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣ ਵਾਲੀ ਸੰਗਤ ਲਈ ਲੰਗਰ ਅਤੇ ਪ੍ਰਸ਼ਾਦ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ 20 ਯੂ. ਐੱਸ. ਡਾਲਰ ਦੀ ਫੀਸ ਲੈਣ 'ਤੇ ਅੜੀ ਹੋਈ ਹੈ। ਭਾਰਤ ਸਰਕਾਰ ਵੱਲੋਂ ਸੰਗਤਾਂ ਦੀਆਂ ਧਾਰਮਕ ਭਾਵਨਾਵਾਂ ਦੀ ਕਦਰ ਕਰਦਿਆਂ ਲਾਂਘੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਰਤ ਸਰਕਾਰ ਅੱਗੇ ਤੋਂ ਵੀ ਇਸ ਟੈਕਸ ਨੂੰ ਖਤਮ ਕਰਨ ਲਈ ਪਾਕਿਸਤਾਨ ਸਰਕਾਰ 'ਤੇ ਦਬਾਅ ਪਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਆਪਣੇ ਪਾਸੇ ਪੁਲ ਬਣਾ ਦਿੱਤਾ ਗਿਆ ਹੈ। ਅਸੀਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਵਾਅਦੇ ਮੁਤਾਬਕ ਆਪਣੇ ਪਾਸੇ ਵਾਲਾ ਪੁਲ ਵੀ ਬਣਾਵੇ।

ਭਾਰਤ ਸਰਕਾਰ ਲਾਂਘੇ ਦਾ 9 ਨਵੰਬਰ ਨੂੰ ਕਰੇਗੀ ਉਦਘਾਟਨ
ਅਧਿਕਾਰੀਆਂ ਦੱਸਿਆ ਕਿ 9 ਨਵੰਬਰ ਨੂੰ ਭਾਰਤ ਸਰਕਾਰ ਵੱਲੋਂ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਰਸਮੀ ਤੌਰ 'ਤੇ ਉਦਘਾਟਨ ਕਰ ਦਿੱਤਾ ਜਾਵੇਗਾ। 10 ਨਵੰਬਰ ਤੋਂ ਭਾਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣਗੇ। ਉਨ੍ਹਾਂ ਕਿਹਾ ਕਿ ਅੱਜ ਤੋਂ ਦਰਸ਼ਨਾਂ ਲਈ ਆਨਲਾਈਨ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਮ ਦਿਨਾਂ ਵਿਚ 5 ਹਜ਼ਾਰ ਦੀ ਗਿਣਤੀ ਵਿਚ ਸੰਗਤ ਦਰਸ਼ਨਾਂ ਲਈ ਜਾ ਸਕੇਗੀ। ਕੁਝ ਖਾਸ ਦਿਨਾਂ 'ਤੇ ਅਸੀਂ ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸੰਗਤ ਦੀ ਗਿਣਤੀ ਆਪਣੇ ਪ੍ਰਬੰਧਾਂ ਮੁਤਾਬਕ ਵਧਾਏ।

ਸ਼ਰਧਾਲੂ ਸੁਵਿਧਾ ਕੇਂਦਰਾਂ 'ਤੇ ਵੀ ਕੇ ਭਰ ਸਕਦੇ ਹਨ ਫਾਰਮ
ਇਸ ਸਬੰਧੀ ਹੁਸਨ ਲਾਲ ਸਕੱਤਰ ਨੇ ਦੱਸਿਆ ਕਿ ਜੋ ਲੋਕ ਆਨਲਾਈਨ ਫਾਰਮ ਭਰਨਾ ਨਹੀਂ ਜਾਣਦੇ, ਉਹ ਕਿਸੇ ਵੀ ਸਰਕਾਰੀ ਸੁਵਿਧਾ ਕੇਂਦਰ ਵਿਚ ਜਾ ਕੇ ਕਰਤਾਰਪੁਰ ਸਾਹਿਬ ਲਾਂਘੇ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਆਦਾਤਰ ਲੋਕਾਂ ਕੋਲੋਂ ਪਾਸਪੋਰਟ ਨਹੀਂ ਹੈ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਖੇਤਰਾਂ ਵਿਚ ਪਾਸਪੋਰਟ ਸੇਵਾ ਕੇਂਦਰ ਕਾਫੀ ਘੱਟ ਹਨ, ਉਨ੍ਹਾਂ ਵਿਚ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾਣਗੇ।


author

cherry

Content Editor

Related News