ਅੰਮ੍ਰਿਤਸਰ ਹੈਰੀਟੇਜ ਸਟ੍ਰੀਟ 'ਤੇ ਨਾਜਾਇਜ਼ ਕਬਜ਼ੇ ਹਟਾਏ ਜਾਣ 'ਤੇ ਹੋਇਆ ਹੰਗਾਮਾ
Saturday, Apr 30, 2022 - 03:30 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ, ਰਮਨ) - ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਸਟੇਟ ਵਿਭਾਗ ਵਲੋਂ ਸ਼ਹਿਰ ਵਿਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਇਸ ਦੌਰਾਨ ਜਦੋਂ ਟੀਮ ਹੈਰੀਟੇਜ ਸਟਰੀਟ ਦੁਕਾਨਦਾਰਾਂ ਵਲੋਂ ਕੀਤੇ ਗਏ ਕਬਜ਼ਿਆਂ ਦੌਰਾਨ ਉਨ੍ਹਾਂ ਦਾ ਸਾਮਾਨ ਜ਼ਬਤ ਕਰਨ ਲਈ ਪੁੱਜੀ ਤਾਂ ਉੱਥੇ ਸਥਿਤ ਦੁਕਾਨਦਾਰਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਅਤੇ ਨਿਗਮ ਦੀ ਟੀਮ ਨਾਲ ਦੁਰਵਿਵਹਾਰ ਕੀਤਾ ਗਿਆ। ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਜਦੋਂ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਤੋਂ ਚੁੱਕ ਕੇ ਸਾਮਾਨ ਟੀਮ ਵਲੋਂ ਟਰੱਕ ਵਿਚ ਰੱਖਿਆ ਗਿਆ ਤਾਂ ਲੋਕਾਂ ਵਲੋਂ ਜ਼ਬਰਦਸਤੀ ਸਾਮਾਨ ਟਰੱਕ ਤੋਂ ਉਤਾਰ ਲਿਆ ਗਿਆ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਨਿਗਮ ਦੀ ਟੀਮ ਨੂੰ ਘੇਰਿਆ ਗਿਆ ਅਤੇ ਉਨ੍ਹਾਂ ਦੀ ਡਿਊਟੀ ਵਿਚ ਵਿਘਨ ਪਾਇਆ ਗਿਆ। ਨਿਗਮ ਦੀ ਟੀਮ ਨਾਲ ਮਾਰਕੁੱਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕਬਜ਼ਾਧਾਰੀਆਂ ਵਲੋਂ ਟਰੱਕ ਦੀ ਵੀ ਭੰਨਤੋੜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੀ ਸੂਚਨਾ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਦਿੱਤੀ ਗਈ ਜਿਨ੍ਹਾਂ ਅਨੁਸਾਰ ਪੁਲਸ ਕਮਿਸ਼ਨਰ ਅਤੇ ਥਾਣਾ ਕੋਤਵਾਲੀ ਨੂੰ ਇਸ ਦੀ ਸ਼ਿਕਾਇਤ ਕੀਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: 2 ਸਾਲ ਪਹਿਲਾਂ ਲਾਪਤਾ ਹੋਇਆ 12 ਸਾਲਾ ਨਮਨ ਘਰ ਪੁੱਜਾ, ਦੱਸੀ ਹੱਡ-ਚੀਰਵੀਂ ਸੱਚਾਈ
ਉਨ੍ਹਾਂ ਕਿਹਾ ਕਿ ਸ਼ਿਕਾਇਤ ਵਿੱਚ ਨਿਗਮ ਟੀਮ ਜਿਨ੍ਹਾਂ ਕਬਜਾਧਾਰਕਾਂ ਨੂੰ ਜਾਣਦੀ ਸੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਨਾਮ ਸ਼ਾਮਲ ਹਨ, ਉਨ੍ਹਾਂ ਵਿਰੁੱਧ ਸਰਕਾਰੀ ਕੰਮ ਵਿਚ ਵਿਘਨ, ਸਰਕਾਰੀ ਕੰਮ ਦੀ ਭੰਨਤੋੜ, ਕਰਮਚਾਰੀਆਂ ਨਾਲ ਮਾਰਕੁੱਟ ਅਤੇ ਦੁਰਵਿਵਹਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਦੂਜੇ ਪਾਸੇ ਦੁਕਾਨਦਾਰਾਂ ਅਤੇ ਸਿੱਖ ਜਥੇਬੰਦੀਆਂ ਨੇ ਨਿਗਮ ਦੀ ਟੀਮ ’ਤੇ ਦੋਸ਼ ਲਾਉਂਦੇ ਕਿਹਾ ਕਿ ਨਿਗਮ ਟੀਮ ਵਲੋਂ ਜਿਹੜਾ ਸਾਮਾਨ ਜ਼ਬਤ ਕੀਤਾ ਗਿਆ ਸੀ, ਉਸ ਵਿਚ ਪਏ ਰੁਮਾਲਾ ਸਾਹਿਬ ਨੂੰ ਵੀ ਕਥਿਤ ਜ਼ਮੀਨ ’ਤੇ ਸੁੱਟ ਦਿੱਤਾ ਗਿਆ ਸੀ, ਜਿਸ ਨਾਲ ਰੁਮਾਲਾ ਸਾਹਿਬ ਦੀ ਕਥਿਤ ਬੇਅਦਬੀ ਹੁੰਦੇ ਦੇਖ ਲੋਕ ਭੜਕ ਉੱਠੇ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿੱਤੀ ਅਤੇ ਕਥਿਤ ਬੇਅਦਬੀ ਦੀ ਜਾਂਚ ਕਰ ਰਹੀ ਹੈ।