ਵਿਰਾਸਤ ਸੰਭਾਲਣ 'ਚ ਅੰਮਿ੍ਤਸਰ ਜ਼ਿਲਾ ਦੇਸ਼ 'ਚ ਨੰਬਰ ਵਨ

Friday, Sep 06, 2019 - 11:28 AM (IST)

ਵਿਰਾਸਤ ਸੰਭਾਲਣ 'ਚ ਅੰਮਿ੍ਤਸਰ ਜ਼ਿਲਾ ਦੇਸ਼ 'ਚ ਨੰਬਰ ਵਨ

ਅੰਮ੍ਰਿਤਸਰ (ਨੀਰਜ) : ਆਪਣੀ ਵਿਰਾਸਤ ਨੂੰ ਸਾਂਭਣ, ਵਿਕਸਤ ਕਰਨ ਤੇ ਅੱਗੇ ਤੋਰਨ ਲਈ ਕੀਤੇ ਗਏ ਕੰਮ ਬਦਲੇ ਅੰਮ੍ਰਿਤਸਰ ਜ਼ਿਲੇ ਨੂੰ ਦੇਸ਼ 'ਚੋਂ ਪਹਿਲਾ ਸਥਾਨ ਮਿਲਿਆ ਹੈ। ਕੱਲ ਨਵੀਂ ਦਿੱਲੀ ਵਿਖੇ ਵਿਗਿਆਨ ਭਵਨ 'ਚ ਕਰਵਾਏ ਗਏ ਵਿਸ਼ੇਸ਼ ਸਮਾਗਮ 'ਚ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਹ ਸਨਮਾਨ ਪ੍ਰਾਪਤ ਕੀਤਾ। ਦੱਸਣਯੋਗ ਹੈ ਕਿ ਖੁਦਮੁਖਤਿਆਰ ਸੰਸਥਾ ਵਲੋਂ ਕਿਸੇ ਵਿਸ਼ੇਸ਼ ਪ੍ਰਾਪਤੀ ਲਈ ਦਿੱਤਾ ਜਾਣ ਵਾਲਾ ਦੇਸ਼ ਦਾ ਇਹ ਵੱਕਾਰੀ ਸਨਮਾਨ ਹੈ।

ਐੱਸ. ਡੀ. ਐੱਮ. ਵਿਕਾਸ ਹੀਰਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਭਰ 'ਚੋਂ ਆਏ 1500 ਪ੍ਰਤੀਯੋਗੀਆਂ ਨੂੰ ਪਛਾੜ ਕੇ ਜ਼ਿਲਾ ਅੰਮ੍ਰਿਤਸਰ ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੰਡਿਆਲਾ ਗੁਰੂ ਦੇ ਠਠੇਰਿਆਂ ਦੀ ਕਲਾ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵੇਲੇ ਪ੍ਰਫੁੱਲਿਤ ਹੋਈ ਸੀ,ਹੁਣ ਆਖਰੀ ਸਾਹ ਲੈ ਰਹੀ ਸੀ। ਇਸ ਕਲਾ ਨੂੰ ਮੁੜ ਪ੍ਰਫੁੱਲਿਤ ਕਰਨ ਅਤੇ ਇਸ 'ਚੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਇੱਛਾ ਨਾਲ ਤਤਕਾਲੀਨ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇਸ ਕਲਾ ਨੂੰ ਮੌਜੂਦਾ ਡਿਜ਼ਾਈਨ ਨਾਲ ਪ੍ਰਫੁੱਲਿਤ ਕਰਨ ਅਤੇ ਇਨ੍ਹਾਂ ਭਾਂਡਿਆਂ ਲਈ ਮੰਡੀ ਲੱਭਣ ਦਾ ਕਾਰਜ ਸ਼ੁਰੂ ਕੀਤਾ।

ਉਨ੍ਹਾਂ ਇਸ ਕੰਮ ਲਈ 11 ਠਠੇਰਿਆਂ ਨੂੰ ਸ਼ਾਮਿਲ ਕਰ ਕੇ ਪੰਜਾਬ ਠਠੇਰਾ ਆਰਟ ਲਿਗੇਸੀ ਨਾਂ ਦੀ ਸੋਸਾਇਟੀ ਰਜਿਸਟਰਡ ਕਰਵਾਈ ਅਤੇ 'ਪੀ-ਤਲ' ਦੇ ਨਾਂ ਹੇਠ ਇਹ ਕੰਮ ਸ਼ੁਰੂ ਕੀਤਾ। ਇਨ੍ਹਾਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਵਿਸ਼ਵ ਪੱਧਰੀ ਬਾਜ਼ਾਰ ਦੇਣ ਲਈ ਇਨ੍ਹਾਂ ਦੀ ਵੈੱਬਸਾਈਟ ਬਣਾਉਣ ਤੋਂ ਇਲਾਵਾ ਵੱਡੀਆਂ ਵਪਾਰਕ ਸਾਈਟਾਂ 'ਤੇ ਪ੍ਰਦਰਸ਼ਿਤ ਕੀਤਾ ਗਿਆ, ਜਿਸ ਨਾਲ ਇਹ ਕਾਰੋਬਾਰ ਦਾ ਰੂਪ ਧਾਰਨ ਕਰ ਚੁੱਕਾ ਹੈ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਹ ਸਨਮਾਨ ਪ੍ਰਾਪਤ ਕਰਨ ਮਗਰੋਂ ਜ਼ਿਲਾ ਪ੍ਰ੍ਰਸ਼ਾਸਨ ਵੱਲੋਂ ਕੀਤੀ ਇਸ ਕੋਸ਼ਿਸ਼ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਨਾ ਸਿਰਫ ਵਿਰਾਸਤ ਦੀ ਸੰਭਾਲ ਦਾ ਮੁੱਦਾ ਹੈ, ਬਲਕਿ ਇਸ ਨਾਲ ਇਸ ਖੇਤਰ ਵਿਚ ਰੋਜ਼ਗਾਰ ਦੇ ਮੌਕੇ ਵੀ ਵਧੇ ਹਨ ਅਤੇ ਜੰਡਿਆਲਾ ਗੁਰੂ ਨੂੰ ਵਿਸ਼ਵ ਵਿਆਪੀ ਪਛਾਣ ਵੀ ਮਿਲੀ ਹੈ।


author

Baljeet Kaur

Content Editor

Related News