ਬਾਬੇ ਦੀ ਨੂੰਹ ਨੂੰ ਮੱਥਾ ਟੇਕਣ 'ਤੇ ਪੁਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਿਆ ਸਪੱਸ਼ਟੀਕਰਨ

Saturday, May 11, 2019 - 09:23 AM (IST)

ਬਾਬੇ ਦੀ ਨੂੰਹ ਨੂੰ ਮੱਥਾ ਟੇਕਣ 'ਤੇ ਪੁਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜਿਆ ਸਪੱਸ਼ਟੀਕਰਨ

ਅੰਮ੍ਰਿਤਸਰ (ਅਨਜਾਣ) : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੰਦ ਲਿਫਾਫੇ ਵਿਚ ਸਪੱਸ਼ਟੀਕਰਨ ਭੇਜਿਆ ਹੈ, ਜਿਸ ਦਾ ਰਾਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਖੋਲ੍ਹਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਖਬਾਰਾਂ ਦੀਆਂ ਸੁਰਖੀਆਂ ਵਿਚ ਪੁਰੀ ਦੀ ਨਿਰੰਕਾਰੀ ਬਾਬਾ ਗੁਰਬਚਨ ਸਿੰਘ, ਜਿਸ ਨੂੰ ਪੰਥ 'ਚੋਂ ਛੇਕਿਆ ਗਿਆ ਸੀ, ਦੀ ਨੂੰਹ ਦੇ ਚਰਨਾਂ 'ਚ ਮੱਥਾ ਟੇਕਣ ਦੀ ਖਬਰ ਅਤੇ ਤਸਵੀਰ ਨਸ਼ਰ ਹੋਈ ਸੀ।

ਇਹ ਵੀ ਕਿਹਾ ਗਿਆ ਸੀ ਕਿ ਜਿਸ ਨੂੰ ਪੰਥ 'ਚੋਂ ਛੇਕਿਆ ਗਿਆ, ਉਸ ਦੇ ਚੋਣ ਪ੍ਰਚਾਰ ਵਿਚ ਅਕਾਲੀ ਆਗੂ, ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਮੁੱਚੇ ਵਰਕਰ ਸਾਥ ਦੇ ਰਹੇ ਹਨ, ਇਸ ਲਈ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋਸ਼ੀ ਹਨ, ਜਿਸ ਸਬੰਧੀ ਪੁਰੀ ਨੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਬਿਆਨ ਦਿੰਦਿਆਂ ਕਿਹਾ ਕਿ ਮੇਰੀਆਂ ਫੋਟੋਆਂ ਨਾਲ ਵਿਰੋਧੀ ਧਿਰ ਨੇ ਬੌਖਲਾਹਟ ਵਿਚ ਆ ਕੇ ਛੇੜ-ਛਾੜ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਨਿਰੰਕਾਰੀ ਬੀਬੀ ਦੇ ਪੈਰਾਂ 'ਚ ਨਹੀਂ ਬਲਕਿ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਰਿਹਾ ਹਾਂ। ਇਹ ਵੀ ਲਿਖਿਆ ਗਿਆ ਕਿ ਪੁਰੀ ਨੇ ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਗੱਲਬਾਤ ਕਰ ਕੇ ਸਪੱਸ਼ਟੀਕਰਨ ਦੇ ਦਿੱਤਾ ਹੈ। ਜਦ ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਸਪੱਸ਼ਟੀਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤਿੰਨ-ਚਾਰ ਬੰਦੇ ਬੰਦ ਲਿਫਾਫੇ ਵਿਚ ਸਪੱਸ਼ਟੀਕਰਨ ਦੇ ਗਏ ਹਨ, ਜੋ ਸਿੰਘ ਸਾਹਿਬ ਦੇ ਆਉਣ 'ਤੇ ਉਨ੍ਹਾਂ ਵੱਲੋਂ ਹੀ ਖੋਲ੍ਹਿਆ ਜਾਵੇਗਾ।


author

Baljeet Kaur

Content Editor

Related News