ਖਿੱਚ ਦਾ ਕੇਂਦਰ ਬਣ ਰਹੇ ਨੇ ਪਾਕਿ ਵੱਲੋਂ ਗੁਰਮੁਖੀ 'ਚ ਲਗਾਏ ਹੋਰਡਿੰਗ

Friday, Oct 18, 2019 - 05:40 PM (IST)

ਖਿੱਚ ਦਾ ਕੇਂਦਰ ਬਣ ਰਹੇ ਨੇ ਪਾਕਿ ਵੱਲੋਂ ਗੁਰਮੁਖੀ 'ਚ ਲਗਾਏ ਹੋਰਡਿੰਗ

ਅੰਮ੍ਰਿਤਸਰ/ਪਾਕਿਸਤਾਨ : ਸ੍ਰੀ ਨਨਕਾਣਾ ਸਾਹਿਬ ਨੂੰ ਜਾਂਦੇ ਰਸਤਿਆਂ ਅਤੇ ਕਰਤਾਰਪੁਰ ਲਾਂਘੇ ਵਾਲੀ ਮੁੱਖ ਸੜਕ 'ਤੇ ਲਗਾਏ ਗੁਰਮੁਖੀ 'ਚ ਲਿਖੇ ਹੋਰਡਿੰਗ ਖਿੱਚ ਦਾ ਕੇਂਦਰ ਬਣੇ ਹੋਏ ਹਨ। ਜਾਣਕਾਰੀ ਮੁਤਾਬਕ ਇਹ ਹੋਰਡਿੰਗ ਬੋਰਡ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ੍ਰੀ ਨਨਕਾਣਾ ਸਾਹਿਬ ਅਤੇ ਨਾਰੋਵਾਲ 'ਚ ਚੌਕਾਂ ਅਤੇ ਮੁੱਖ ਸੜਕਾਂ ਲਗਾਏ ਗਏ ਹਨ, ਜੋ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਸਬੰਧੀ ਇਕ ਪੰਜਾਬੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਪਾਕਿਸਤਾਨੀ ਖੋਜ-ਕਰਤਾ ਨੇ ਦੱਸਿਆ ਕਿ ਲਾਹੌਰ ਤੋਂ ਸ੍ਰੀ ਨਨਕਾਣਾ ਸਾਹਿਬ ਨੂੰ ਜਾਂਦੇ ਮੁੱਖ ਰਸਤੇ, ਸ਼ੇਖੂਪੁਰਾ ਬਾਈਪਾਸ, ਮਾਨਾਂਵਾਲਾ ਮੋੜ ਅਤੇ ਸ੍ਰੀ ਨਨਕਾਣਾ ਸਾਹਿਬ ਬਾਈਪਾਸ ਦੇ ਅੱਗੇ ਮੁੱਖ ਸੜਕ 'ਤੇ ਗੁਰਮੁਖੀ, ਉਰਦੂ ਅਤੇ ਅੰਗਰੇਜ਼ੀ ਵਿਚ ਲਿਖੇ ਬੋਰਡ ਲਗਾਏ ਗਏ ਹਨ।

ਦੱਸ ਦੇਈਏ ਕਿ ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਬਣ ਰਹੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਤੇ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ। ਸੰਗਤ ਬੜੀ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਹੀ ਹੈ, ਜਦੋਂ ਉਹ 70 ਸਾਲਾਂ ਤੋਂ ਵਿਛੜੇ ਇਸ ਗੁਰਧਾਮ ਦੇ ਦਰਸ਼ਨ ਕਰ ਸਕੇਗੀ। ਭਾਰਤ ਵਾਲੇ ਪਾਸੇ ਜਿਥੇ ਨੈਸ਼ਨਲ ਹਾਈਵੇ ਅਥਾਰਟੀ ਭਾਰਤ ਸਰਕਾਰ ਵਲੋਂ ਫੋਰ ਲੇਨ ਸੜਕ ਬਣਾ ਦਿੱਤੀ ਗਈ ਹੈ, ਉਥੇ ਲੈਂਡ ਪੋਰਟ ਅਥਾਰਟੀ ਦਿਨ ਰਾਤ ਇਕ ਕਰਕੇ ਕੌਮਾਂਤਰੀ ਸਰਹੱਦ ਤੇ ਇਨਟੈਗਰੇਟਿਡ ਚੈੱਕ ਪੋਸਟ (ਯਾਤਰੀ ਟਰਮੀਨਲ) ਦੇ ਨਿਰਮਾਣ ਨੂੰ ਆਖਰੀ ਪੜਾਅ 'ਚ ਮੁਕੰਮਲ ਕਰਨ 'ਚ ਲੱਗੀ ਹੋਈ ਹੈ। ਜੇਕਰ ਭਾਰਤ ਵਾਲੇ ਪਾਸਿਉਂ ਪਾਕਿਸਤਾਨ ਵਲ ਝਾਤ ਮਾਰੀਏ ਤਾਂ ਪਾਕਿਸਤਾਨ ਵਾਲੇ ਪਾਸੇ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਸਬੰਧਤ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਪਾਕਿਸਤਾਨ ਵਲੋਂ ਬਾਕਾਇਦਾ ਪੰਜਾਬੀ 'ਚ ਸਵਾਗਤੀ ਗੇਟ ਵੀ ਲਗਾ ਦਿੱਤਾ ਗਿਆ ਹੈ।


author

Baljeet Kaur

Content Editor

Related News