ਗੁਰਦੁਆਰਾ ਸਾਹਿਬ ਦੀ ਡਿਓੜੀ ਢਾਹੁਣ ਦੇ ਮਾਮਲੇ 'ਚ ਮੈਨੇਜਰ ਮੁਅੱਤਲ

Sunday, Mar 31, 2019 - 04:23 PM (IST)

ਗੁਰਦੁਆਰਾ ਸਾਹਿਬ ਦੀ ਡਿਓੜੀ ਢਾਹੁਣ ਦੇ ਮਾਮਲੇ 'ਚ ਮੈਨੇਜਰ ਮੁਅੱਤਲ

ਅੰਮ੍ਰਿਤਸਰ (ਸੁਮਿਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਡਿਓੜੀ ਢਾਹੁਣ ਦਾ ਸਖਤ ਨੋਟਿਸ ਲੈਂਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਪੜਤਾਲ ਲਈ ਭਾਈ ਲੌਂਗੋਵਾਲ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਵੀ ਬਣਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਗਈ ਇਸ ਜਾਂਚ ਕਮੇਟੀ 'ਚ ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ ਅਤੇ ਸ. ਗੁਰਮੀਤ ਸਿੰਘ ਬੂਹ ਨੂੰ ਸ਼ਾਮਲ ਕੀਤਾ ਹੈ। 

ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ 'ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਡਿਓੜੀ ਨੂੰ ਬਿਨਾਂ ਇਜਾਜ਼ਤ ਲਏ ਗੁਰਦੁਆਰਾ ਸਾਹਿਬ ਦੇ ਮੈਨੇਜਰ ਵਲੋਂ ਕਾਰਸੇਵਾ ਵਾਲੇ ਬਾਬਿਆਂ ਪਾਸੋਂ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਮੰਦਭਾਗੀ ਗੱਲ ਹੈ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਮੈਨੇਜਰ ਦੀ ਇਸ ਆਪਹੁਦਰੀ ਕਾਰਵਾਈ ਦੀ ਮੁਕੰਮਲ ਜਾਂਚ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਪਾਸੋਂ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਵਾਪਸ ਲੈ ਲਈਆਂ ਹਨ।


author

Baljeet Kaur

Content Editor

Related News